ਵਿਧਾਇਕ ਵੱਲੋਂ ਕੁਸ਼ਟ ਰੋਗ ਆਸ਼ਰਮ ਦਾ ਨਿਰੀਖਣ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 6 ਜਨਵਰੀ
ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੈ ਗੁਪਤਾ ਨੇ ਝਬਾਲ ਰੋਡ ਸਥਿਤ ਕੁਸ਼ਟ ਰੋਗ ਆਸ਼ਰਮ ਦਾ ਨਿਰੀਖਣ ਕੀਤਾ ਜਿੱਥੇ 140 ਮਰੀਜ਼ ਰਹਿ ਰਹੇ ਹਨ। ਵਿਧਾਇਕ ਡਾ. ਗੁਪਤਾ ਨੇ ਆਸ਼ਰਮ ਦੇ ਸੰਚਾਲਕ ਨਾਲ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ।
ਕੁਸ਼ਟ ਆਸ਼ਰਮ ਦੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਧਾਇਕ ਗੁਪਤਾ ਦੇ ਨਾਲ ਰੈੱਡ ਕਰਾਸ ਸੁਸਾਇਟੀ ਦੇ ਇੱਕ ਅਧਿਕਾਰੀ ਨੂੰ ਵੀ ਜਾਣਕਾਰੀ ਇਕੱਤਰ ਕਰਨ ਲਈ ਭੇਜਿਆ ਸੀ। ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਆਸ਼ਰਮ ਨੂੰ ਦਰਪੇਸ਼ ਮੁੱਖ ਸਮੱਸਿਆ ਸੀਵਰੇਜ ਦੀ ਹੈ। ਉਨ੍ਹਾਂ ਦੱਸਿਆ ਕਿ ਕੁਸ਼ਟ ਆਸ਼ਰਮ ਦਾ ਰਕਬਾ ਬਹੁਤ ਨੀਵਾਂ ਹੈ, ਜਿਥੇ ਮੀਂਹ ਪੈਣ ਤੋਂ ਬਾਅਦ ਕਈ-ਕਈ ਦਿਨ ਪਾਣੀ ਭਰਿਆ ਰਹਿੰਦਾ ਹੈ। ਸੀਵਰੇਜ ਦੀ ਨਿਕਾਸੀ ਦਾ ਵੀ ਪੂਰਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਆਸ਼ਰਮ ਦੇ ਸੰਚਾਲਕ ਨੇ ਪਾਣੀ ਦੀ ਟੈਂਕੀ ਦੀ ਮੁਰੰਮਤ ਕਰਵਾਉਣ, ਨਵੇਂ ਟਾਇਲਟ ਸੈੱਟ ਬਣਾਉਣ, ਆਸ਼ਰਮ ਦੀ ਜ਼ਮੀਨ ਨੂੰ ਉੱਚਾ ਕਰਨ ਲਈ ਮਿੱਟੀ ਪਾਉਣ, ਲਾਈਟਾਂ ਲਗਾਉਣ, ਵਾਹਨ ਦੀ ਮੁਰੰਮਤ ਕਰਵਾਉਣ ਅਤੇ ਹੋਰ ਸਮੱਸਿਆਵਾਂ ਬਾਰੇ ਦੱਸਿਆ।
ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਸਬੰਧੀ ਡੀ.ਸੀ ਸਾਕਸ਼ੀ ਸਾਹਨੀ ਨਾਲ ਗੱਲ ਕੀਤੀ ਹੈ ਅਤੇ ਆਸ਼ਰਮ ਦੇ ਸੁਧਾਰ ਲਈ ਭਲਕੇ ਇੱਕ ਵਾਰ ਫਿਰ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ ਅਤੇ ਸਮੱਸਿਆਵਾਂ ਦੇ ਹੱਲ ਲਈ ਫੰਡ ਵੀ ਮੁਹੱਈਆ ਕਰਵਾਏ ਜਾਣਗੇ।