ਵਿਧਾਇਕ ਵੱਲੋਂ ਲਿਵਰ ਇੰਸਟੀਚਿਊਟ ਵਿੱਚ ਸਿਹਤ ਸਹੂਲਤਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 28 ਜੁਲਾਈ
ਮੁਹਾਲੀ ਸਥਿਤ ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ ਫੇਜ਼-3ਬੀ-1 ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ ਪਲੇਠਾ ਲਿਵਰ ਜਾਂਚ ਕੈਂਪ ਲਗਾਇਆ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਕੈਂਪ ਦਾ ਉਦਘਾਟਨ ਕਰਨ ਅਤੇ ਆਪਣੀ ਜਾਂਚ ਕਰਵਾਉਣ ਆਏ ਸ਼ਹਿਰ ਵਾਸੀਆਂ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ। ਉਪਰੰਤ ਵਿਧਾਇਕ ਨੇ ਲਿਵਰ ਇੰਸਟੀਚਿਊਟ ਦਾ ਦੌਰਾ ਕਰਕੇ ਇੱਥੇ ਉਪਲਬਧ ਸਿਹਤ ਸਹੂਲਤਾਂ ਸਮੇਤ ਇੰਸਟੀਚਿਊਟ ਵਿੱਚ ਮੌਜੂਦ ਅਤਿ-ਆਧੁਨਿਕ ਮਸ਼ੀਨਾਂ ਅਤੇ ਸਾਜੋ-ਸਾਮਾਨ ਦਾ ਜਾਇਜ਼ਾ ਲਿਆ। ਉਨ੍ਹਾਂ ਭਰੋਸਾ ਦਿੱਤਾ ਕਿ ਲਿਵਰ ਇੰਸਟੀਚਿਊਟ ਦੀਆਂ ਜੋ ਵੀ ਲੋੜਾਂ ਹੋਣਗੀਆਂ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਹੈਪੇਟੋਲੋਜੀ ਦੇ ਖੇਤਰ ਵਿੱਚ ਸੁਪਰ-ਸਪੈਸ਼ਲਿਟੀ ਕੇਅਰ, ਸਿਖਲਾਈ ਅਤੇ ਖੋਜ ਸਬੰਧੀ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੈ। ਇਸ ਇੰਸਟੀਚਿਊਟ ਦੀ ਸਥਾਪਨਾ ਨਵੀਂ ਦਿੱਲੀ ਦੀ ਤਰਜ਼ ’ਤੇ ਕੀਤੀ ਗਈ ਹੈ। ਜੋ ਦੇਸ਼ ਦਾ ਦੂਜਾ ਅਤੇ ਪੰਜਾਬ ਦਾ ਪਹਿਲਾ ਲਿਵਰ ਇੰਸਟੀਚਿਊਟ ਹੈ। ਇਸ ਮੌਕੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ, ਅਕਵਿੰਦਰ ਸਿੰਘ ਗੋਸਲ ਅਤੇ ਹੋਰ ਪਤਵੰਤੇ ਮੌਜੂਦ ਸਨ।