For the best experience, open
https://m.punjabitribuneonline.com
on your mobile browser.
Advertisement

ਮਿਹਨਤ ਦੇ ਦਮ ’ਤੇ ਮੰਤਰੀ ਦੇ ਅਹੁਦੇ ਤੱਕ ਪੁੱਜੇ ਵਿਧਾਇਕ ਹਰਦੀਪ ਮੁੰਡੀਆਂ

10:31 AM Sep 24, 2024 IST
ਮਿਹਨਤ ਦੇ ਦਮ ’ਤੇ ਮੰਤਰੀ ਦੇ ਅਹੁਦੇ ਤੱਕ ਪੁੱਜੇ ਵਿਧਾਇਕ ਹਰਦੀਪ ਮੁੰਡੀਆਂ
Advertisement

ਮਾਛੀਵਾੜਾ/ਲੁਧਿਆਣਾ (ਗੁਰਦੀਪ ਸਿੰਘ ਟੱਕਰ/ਗਗਨ ਅਰੋੜਾ):

Advertisement

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਵੇਂ ਬਣਾਏ ਗਏ ਮੰਤਰੀਆਂ ਵਿੱਚ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੀ ਸ਼ਾਮਲ ਹਨ, ਜਿਨ੍ਹਾਂ ਮਿਹਨਤ ਦੇ ਸਿਰ ’ਤੇ ਗੁਰਬਤ ਨੂੰ ਹਰਾ ਕੇ ਪੰਜਾਬ ਦੀ ਸੇਵਾ ਲਈ ਸਹੁੰ ਚੁੱਕੀ। ਪਿਤਾ ਦਰਸ਼ਨ ਸਿੰਘ ਦੇ ਘਰ ’ਚ ਜਨਮੇ ਹਰਦੀਪ ਸਿੰਘ ਮੁੰਡੀਆਂ, ਇੱਕ ਮਿਹਨਤਕਸ਼ ਇਨਸਾਨ ਹਨ ਜਿਨ੍ਹਾਂ ਗ਼ਰੀਬੀ ਤੋਂ ਮੰਤਰੀ ਵਰਗੇ ਉੱਚ ਅਹੁਦੇ ਤੱਕ ਦਾ ਸਫ਼ਰ ਤੈਅ ਕੀਤਾ ਹੈ। ਮੁੰਡੀਆਂ ਨੂੰ ਜਿਵੇਂ ਹੀ ਝੰਡੀ ਵਾਲੀ ਕਾਰ ਮਿਲੀ ਤਾਂ ਉਨ੍ਹਾਂ ਦੇ ਘਰ ਢੋਲ ਵੱਜਣੇ ਸ਼ੁਰੂ ਹੋ ਗਏ। ਮੁੰਡੀਆਂ ਤਾਂ ਬੀਤੇ ਦਿਨ ਹੀ ਦਿੱਲੀ ਚਲੇ ਗਏ ਸਨ, ਪਿੱਛੋਂ ਉਨ੍ਹਾਂ ਦੀ ਪਤਨੀ, ਬੇਟੀ ਤੇ ਹੋਰਨਾਂ ਨੇ ਘਰ ਵਿੱਚ ਖੁਸ਼ੀ ਮਨਾਈ। ਲੋਕਾਂ ਨੇ ਲੱਡੂ ਵੰਡੇ ਤੇ ਸਰਕਾਰ ਦਾ ਧੰਨਵਾਦ ਕੀਤਾ। ਹਰਦੀਪ ਸਿੰਘ ਮੁੰਡੀਆਂ ਨੇ ਆਜ਼ਾਦ ਉਮੀਦਵਾਰ ਵਜੋਂ ਕੌਂਸਲਰ ਦੀ ਚੋਣ ਲੜੀ ਪਰ ਉਸ ਸਮੇਂ ਜਿੱਤ ਨਸੀਬ ਨਾ ਹੋਈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨਾਲ ਡਟ ਕੇ ਸਾਥ ਦਿੰਦਿਆਂ ਪਾਰਟੀ ਲਈ ਦਿਨ-ਰਾਤ ਚੋਣ ਪ੍ਰਚਾਰ ਕੀਤਾ। ਬੇਸ਼ੱਕ ਉਸ ਸਮੇਂ ਹਰਜੋਤ ਸਿੰਘ ਬੈਂਸ ਜਿੱਤ ਨਾ ਸਕੇ ਅਤੇ ਉਹ ਆਪਣੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਚਲੇ ਗਏ ਜਿਨ੍ਹਾਂ ਤੋਂ ਬਾਅਦ ਹਰਦੀਪ ਸਿੰਘ ਮੁੰਡੀਆਂ ਨੇ ਹਲਕਾ ਸਾਹਨੇਵਾਲ ਵਿੱਚ ‘ਆਪ’ ਪਾਰਟੀ ਦੀ ਕਮਾਂਡ ਸੰਭਾਲ ਲਈ। ਆਮ ਆਦਮੀ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜ਼ਿਆ ਗਿਆ ਜਿਨ੍ਹਾਂ ਨੇ ਹਲਕੇ ’ਚੋਂ 15000 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਹਲਕਾ ਸਾਹਨੇਵਾਲ ਦੇ ਲੋਕ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਦੂਜੀ ਵਾਰ ਝੰਡੀ ਵਾਲੀ ਕਾਰ ਤੇ ਕੈਬਨਿਟ ਮੰਤਰੀ ਨਸੀਬ ਹੋਇਆ ਹੈ। ਸਾਲ 2012 ਦੀਆਂ ਚੋਣਾਂ ਵੇਲੇ ਵਿਧਾਨ ਸਭਾ ਹਲਕਾ ਸਾਹਨੇਵਾਲ ਹੋਂਦ ਵਿੱਚ ਆਇਆ ਅਤੇ ਉਸ ਸਮੇਂ ਇੱਥੋਂ ਸ਼ਰਨਜੀਤ ਸਿੰਘ ਢਿੱਲੋਂ ਵਿਧਾਇਕ ਬਣੇ ਜਿਨ੍ਹਾਂ ਨੂੰ ਅਕਾਲੀ ਸਰਕਾਰ ਨੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ। ਇਸ ਤੋਂ ਬਾਅਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਸ਼ਰਨਜੀਤ ਸਿੰਘ ਢਿੱਲੋਂ ਵਿਧਾਇਕ ਚੁਣੇ ਗਏ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਨੂੰ ਤੋੜਿਆ ਅਤੇ ਕਾਂਗਰਸ ਉਮੀਦਵਾਰ ਵਿਕਰਮ ਬਾਜਵਾ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ।

Advertisement

Advertisement
Author Image

joginder kumar

View all posts

Advertisement