ਵਿਧਾਇਕ ਗਰੇਵਾਲ ਵੱਲੋਂ ਨਿਗਮ ਕਮਿਸ਼ਨਰ ਨਾਲ ਮੀਟਿੰਗ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਗਸਤ
ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ ਵਿੱਚ ਸੀਵਰੇਜ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਾਲ ਨਾਲ ਮੀਟਿੰਗ ਕੀਤੀ।
ਇਸ ਮੌਕੇ ’ਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੂਬੇ ਭਰ ਵਿੱਚ ਹੋ ਰਹੀ ਬਰਸਾਤ ਕਾਰਨ ਹਲਕਾ ਪੂਰਬੀ ਦੇ ਕਈ ਇਲਾਕਿਆਂ ਅੰਦਰ ਸੀਵਰੇਜ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਸਾਰੇ ਹੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕੀਤੀ ਗਈ ਹੈ ਤੇ ਹਲਕੇ ਅੰਦਰ ਆ ਰਹੀਆਂ ਇਨ੍ਹਾਂ ਮੁਸ਼ਕਲਾਂ ਦਾ ਜਲਦ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਕਾਗਜ਼ਾਂ ਅਤੇ ਫਲੈਕਸਾਂ ਤੇ ਤਾਂ ਹਜ਼ਾਰਾਂ ਕਰੋੜਾਂ ਦੇ ਵਿਕਾਸ ਦੇ ਦਾਅਵੇ ਤਾਂ ਜ਼ਰੂਰ ਕੀਤੇ ਪਰ ਸੱਚਾਈ ਵਿੱਚ ਕੁੱਝ ਵੀ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਵੱਲੋਂ ਅੰਨ ਪਲੈਨ ਤਰੀਕੇ ਨਾਲ ਹਲਕੇ ਅੰਦਰ ਕੰਮ ਕਰਵਾਏ ਗਏ ਜੋ ਕਿ ਹਲਕਾ ਵਾਸੀਆਂ ਲਈ ਅੱਜ ਸਭ ਤੋਂ ਵੱਡੀ ਮੁਸੀਬਤ ਬਣੇ ਹੋਏ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਹਲਕਾ ਵਾਸੀਆਂ ਨੂੰ ਜੋ ਵੀ ਮੁਸ਼ਕਲਾਂ ਆ ਰਹੀ ਹੈ ਉਸ ਦਾ ਜਲਦ ਹੀ ਵਧੀਆ ਤਰੀਕੇ ਨਾਲ ਹੱਲ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਕਿਸੇ ਵੀ ਵਾਰਡ ਅੰਦਰ ਵਾਰਡ ਵਾਸੀਆਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਪ੍ਰੇਸ਼ਾਨੀ ਨਾ ਆਵੇ। ਇਸ ਦੌਰਾਨ ਮੀਟਿੰਗ ’ਚ ਸ਼ਾਮਲ ਹੋਏ ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਹਲਕੇ ਅੰਦਰ ਚੱਲ ਰਹੇ ਵਿਕਾਸ ਕਾਰਜ ਜਾਂ ਸੀਵਰੇਜ ਸਮੱਸਿਆ ਨੂੰ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਡਿਪਾਰਟਮੈਂਟ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਆ ਰਹੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਤੋਂ ਛੁਟਕਾਰਾ ਮਿਲੇਗਾ।
ਭਾਜਪਾ ਦੀ ਮੀਟਿੰਗ ਦੌਰਾਨ ਨਿਗਮ ਚੋਣਾਂ ਸਬੰਧੀ ਵਿਚਾਰਾਂ
ਲੁਧਿਆਣਾ(ਨਿੱਜੀ ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਦੀ ਇੱਕ ਮੀਟਿੰਗ ਦੁੱਗਰੀ ਸਥਿਤ ਭਾਜਪਾ ਦੇ ਨਵੇਂ ਦਫ਼ਤਰ ਵਿੱਚ ਹੋਈ, ਜਿਸ ਵਿੱਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਪ੍ਰਵੀਨ ਬਾਂਸਲ, ਅਨਿਲ ਸਰੀਨ, ਪ੍ਰੇਮ ਮਿੱਤਲ, ਸਤਿੰਦਰ ਸਿੰਘ ਤਾਜਪੁਰੀਆ ਅਤੇ ਗੁਰਦੀਪ ਸਿੰਘ ਗੋਸ਼ਾ ਸਮੇਤ ਜ਼ਿਲ੍ਹਾ ਅਹੁਦੇਦਾਰ, ਕੌਂਸਲਰ, ਮੰਡਲ ਇੰਚਾਰਜ, ਮੰਡਲ ਪ੍ਰਧਾਨਾਂ ਅਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਜਨੀਸ਼ ਧੀਮਾਨ ਨੇ ਕਿਹਾ ਕਿ ਇਸ ਵਾਰ ਮਹਾਂਨਗਰ ਦੇ ਲੋਕ ਨਿਗਮ ਹਾਊਸ ’ਚ ਭਾਜਪਾ ਦਾ ਮੇਅਰ ਬਣਾਉਣ ਲਈ ਉਤਾਵਲੇ ਹਨ। ਜਿਸ ਤਰ੍ਹਾਂ ਦੇਸ਼ ’ਚ ਵਿਕਾਸ ਕਾਰਜ ਹੋਏ ਹਨ ਉਨ੍ਹਾਂ ਕਾਰਜਾਂ ਨੂੰ ਦੇਖਦੇ ਹੋਏ ਭਾਜਪਾ ਨੂੰ ਵੱਡੀ ਕਾਮਯਾਬੀ ਹਾਸਲ ਹੋਵੇਗੀ। ਉਨ੍ਹਾਂ ਸਮੂਹ ਵਰਕਰਾਂ ਨੂੰ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਆਪੋ-ਆਪਣੇ ਵਾਰਡਾਂ ਵਿੱਚ ਡੱਟਣ ਲਈ ਪ੍ਰੇਰਿਆ।