ਵਿਧਾਇਕ ਗੋਇਲ ਤੇ ਡੀਸੀ ਵੱਲੋਂ ਘੱਗਰ ਦਾ ਦੌਰਾ
ਹਰਜੀਤ ਸਿੰਘ/ਕਰਮਵੀਰ ਸਿੰਘ ਸੈਣੀ
ਖਨੌਰੀ/ਮੂਨਕ, 14 ਅਗਸਤ
ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਖਨੌਰੀ ਅਤੇ ਮਕੋਰੜ ਸਾਹਿਬ ਵਿੱਚ ਘੱਗਰ ਦਰਿਆ ’ਚ ਵਧ ਰਹੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਲਈ ਘੱਗਰ ਦਾ ਦੌਰਾ ਕੀਤਾ। ਜਾਣਕਾਰੀ ਅਨੁਸਾਰ ਖਨੌਰੀ ਵਿੱਚ ਆਰਡੀ 460 ’ਤੇ ਬਣੇ ਫਲੱਡ ਕੰਟਰੋਲ ਰੂਮ ’ਤੇ ਲੱਗੀ ਗੇਜ ਅਨੁਸਾਰ ਘੱਗਰ ਦਰਿਆ ਇਸ ਸਮੇਂ ਵੀ 744.5 ’ਤੇ ਵੱਗ ਰਿਹਾ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਸਾਢੇ ਤਿੰਨ ਫੁੱਟ ਹੇਠਾਂ ਹੈ।
ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਮੌਜੂਦਗੀ ਵਿੱਚ ਘੱਗਰ ਨੇੜੇ ਵਸਦੇ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਹੜ ਰੋਕੂ ਕਾਰਜਾਂ ਦੀ ਸ਼ਲਾਘਾ ਕੀਤੀ। ਵਿਧਾਇਕ ਬਰਿੰਦਰ ਗੋਇਲ ਨੇ ਦੱਸਿਆ ਕਿ ਪਹਿਲਾਂ ਮਕੋਰੜ ਸਾਹਿਬ ਤੋਂ ਕੜੈਲ ਤੱਕ ਕਾਫੀ ਦਿੱਕਤ ਆਉਂਦੀ ਸੀ ਪਰ ਹੁਣ ਬੰਨ੍ਹ ਮਜ਼ਬੂਤ ਕੀਤੇ ਗਏ ਹਨ ਅਤੇ ਦੋਵੇਂ ਪਾਸੇ ਰਸਤੇ ਨੂੰ ਘੱਗਰ ਦਰਿਆ ਦੇ ਨਾਲ ਨਾਲ 16 ਫੁੱਟ ਚੌੜਾ ਕੀਤੇ ਜਾਣ ਤੋਂ ਬਾਅਦ ਗੱਡੀਆਂ, ਟਰੈਕਟਰ ਟਰਾਲੀਆਂ ਉਥੋਂ ਆਸਾਨੀ ਨਾਲ ਲੰਘਦੇ ਹਨ ਜਿਸ ਕਾਰਨ ਨਿਰੰਤਰ ਦਰਿਆ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਾਹਮਣੇ ਰੱਖਦੇ ਹੋਏ ਘੱਗਰ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਅਤੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਘੱਗਰ ਨੇੜਲੇ ਸਥਾਨਾਂ ਦਾ ਦੌਰਾ ਕਰਨ ਮੌਕੇ ਸਹਾਇਕ ਕਮਿਸ਼ਨਰ ਅੰਡਰ ਟ੍ਰੇਨਿੰਗ ਡਾ. ਅਦਿੱਤਿਆ ਸ਼ਰਮ, ਐੱਸਡੀਐੱਮ ਮੂਨਕ ਸੂਬਾ ਸਿੰਘ, ਡੀਐੱਸਪੀ ਪਰਮਿੰਦਰ ਸਿੰਘ ਤੇ ਤਰਸੇਮ ਸਿੰਗਲਾ ਹਾਜ਼ਰ ਸਨ।
ਡੀਸੀ ਵੱਲੋਂ ਪ੍ਰਬੰਧਾਂ ਦੀ ਸਮੀਖਿਆ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਘੱਗਰ ਦਰਿਆ ਸਮੇਤ ਜ਼ਿਲ੍ਹੇ ਵਿੱਚੋਂ ਲੰਘਦੇ ਬਰਸਾਤੀ ਨਾਲਿਆਂ, ਨਹਿਰਾਂ, ਸੂਇਆਂ ਵਿੱਚ ਪਾਣੀ ਦੇ ਪੱਧਰ ’ਤੇ ਚੌਕਸੀ ਰੱਖਣ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਹੜ੍ਹ ਰੋਕੁੂ ਪ੍ਰਬੰਧ ਕੀਤੇ ਜਾਣ।