ਵਿਧਾਇਕ ਗਿੱਲ ਵੱਲੋਂ ਚਾਰੇ ਦੇ ਟਰੱਕ ਨੂੰ ਹਰੀ ਝੰਡੀ
ਪੱਤਰ ਪ੍ਰੇਰਕ
ਬਠਿੰਡਾ, 15 ਜੁਲਾਈ
ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਲੋਹੀਆਂ ਵਿੱਚ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਮੱਕੀ ਦੇ ਆਚਾਰ ਨਾਲ ਭਰੇ ਟਰੱਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੇ ਪਾਣੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰ ਰਹੀ ਹੈ।
ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮੁਸ਼ਕਿਲ ਘੜੀ ਵਿਚ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ਤੇ ਸਰਕਾਰ ਵੱਲੋਂ ਕੀਤੇ ਅਗੇਤੇ ਪ੍ਰਬੰਧਾਂ ਕਾਰਨ ਹੀ ਵੱਡਾ ਨੁਕਸਾਨ ਹੋਣ ਤੋਂ ਬਚਿਆ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਆਬਾਦੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਇਸ ਮੌਕੇ ਉਨ੍ਹਾਂ ਬਠਿੰਡਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਫ਼ੈਲ ਰਹੀਆਂ ਅਫ਼ਵਾਹਾਂ ਤੋਂ ਚੌਕਸ ਹੋਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਤੇ ਆਸ-ਪਾਸ ਖੇਤਰ ਹਾਲੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇ ਕੋਈ ਵੀ ਅਜਿਹੀ ਮੁਸ਼ਕਿਲ ਘੜੀ ਆਉਂਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।
ਇਸ ਮੌਕੇ ਐਮਸੀ ਸੁਖਦੀਪ ਸਿੰਘ ਢਿੱਲੋਂ, ਜ਼ਿਲ੍ਹਾ ਵਣ ਅਫ਼ਸਰ ਸਵਰਨ ਸਿੰਘ, ਗੁਰਦਾਤ ਸਿੰਘ, ਜਗਦੀਸ਼ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।