ਸੜਕ ਹਾਦਸੇ ’ਚ ਵਾਲ-ਵਾਲ ਬਚੇ ਵਿਧਾਇਕ ਘੁੰਮਣ
ਭਗਵਾਨ ਦਾਸ ਸੰਦਲ
ਦਸੂਹਾ, 17 ਫਰਵਰੀ
ਇੱਥੇ ਹਾਜ਼ੀਪੁਰ ਰੋਡ ਦੇ ਕਸਬਾ ਘੋਗਰਾ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਵਿਧਾਨ ਸਭਾ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਅੱਜ ਵਾਲ-ਵਾਲ ਬਚਾਅ ਹੋ ਗਿਆ ਪਰ ਇਸ ਹਾਦਸੇ ਵਿੱਚ ਵਿਧਾਇਕ ਸਣੇ ਪੰਜ ਜਣੇ ਜ਼ਖ਼ਮੀ ਹੋ ਗਏ। ਇਸ ਦੌਰਾਨ ਇਨੋਵਾ ਕਾਰ ਦੇ ਏਅਰਬੈਗ ਖੁੱਲ੍ਹਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਵਿੱਚ ਇਨੋਵਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਜਾਣਕਾਰੀ ਅਨੁਸਾਰ ਇਸ ਗੱਡੀ ਵਿਧਾਇਕ ਸਮੇਤ ਕੁਲ ਪੰਜ ਜਣੇ ਸਵਾਰ ਸਨ। ਸਾਰੇ ਜ਼ਖ਼ਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿੱਚ ਮੌਜੂਦ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਅੱਜ ਸਵੇਰੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਤਲਵਾੜਾ ਵਿੱਚ ਲਾਏ ਜਾ ਰਹੇ ਕੈਂਪਾਂ ਵਿੱਚ ਸ਼ਮੂਲੀਅਤ ਕਰਨ ਲਈ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਵਿਧਾਇਕ ਦੇ ਨਾਲ ਉਨ੍ਹਾਂ ਦਾ ਪੀਏ ਸ਼ੁਭਮ ਸ਼ਰਮਾ, ਗਨਮੈਨ ਅੰਮ੍ਰਿਤਦੀਪ ਸਿੰਘ, ਦਲਜੀਤ ਸਿੰਘ ਤੇ ਡਰਾਈਵਰ ਜੱਸਾ ਸਿੰਘ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਘੋਗਰਾ ਨੇੜੇ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਸੜਕ ਨੇੜੇ ਲੱਗੇ ਖੰਭੇ ਵਿੱਚ ਜਾ ਵੱਜੀ। ਉਨ੍ਹਾਂ ਦੱਸਿਆ ਕਿ ਜ਼ੋਰਦਾਰ ਟੱਕਰ ਮਗਰੋਂ ਗੱਡੀ ਦੇ ਏਅਰਬੈਗ ਖੁੱਲ੍ਹ ਗਏ, ਜਿਸ ਨਾਲ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਹੋਰਨਾਂ ਸਾਰਿਆਂ ਦਾ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਐੱਸਐੱਮਓ ਡਾ. ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਵਿਧਾਇਕ ਘੁੰਮਣ ਸਮੇਤ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਮੁੱਖ ਮੰਤਰੀ ਦੀ ਮਾਤਾ ਵਿਧਾਇਕ ਦਾ ਹਾਲ-ਚਾਲ ਪੁੱਛਣ ਦਸੂਹਾ ਪੁੱਜੇ
ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਬੀਬੀ ਹਰਪਾਲ ਕੌਰ ਦਸੂਹਾ ਵਿਖੇ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਖੇੜਾ ਕੋਟਲੀ ਪੁੱਜੇ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੰਦਿਆਂ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ।