ਵਿਧਾਇਕ ਨੇ ਵਿਦਿਆਰਥਣਾਂ ਨਾਲ ਦੀਵਾਲੀ ਮਨਾਈ
ਦਲਬੀਰ ਸੱਖੋਵਾਲੀਆ
ਬਟਾਲਾ, 1 ਨਵੰਬਰ
ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਇੱਥੋਂ ਦੇ ਨਿਊ ਬਟਾਲਾ ਕਲੋਨੀ ’ਚ ਸਥਿਤ ਖ਼ਾਲਸਾ ਸੇਵਾ ਚੇਰੀਟੇਬਲ ਟਰੱਸਟ (ਗੁਰਮਤਿ ਵਿਦਿਆਲਾ)’ਚ ਪੜ੍ਹ ਰਹੀਆਂ ਛੇ ਦਰਜਨ ਵਿਦਿਆਰਥਣਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਤੋਂ ਪਹਿਲਾਂ ਉਨ੍ਹਾਂ ਮਜ਼ਦੂਰਾਂ ਨੂੰ ਮਿਲੇ ਅਤੇ ਦੀਵਾਲੀ ਦੇ ਤਿਉਹਾਰ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਕਤ ਗੁਰਮਤਿ ਵਿਦਿਆਲਾ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਕਲਸੀ ਨੇ ਦੱਸਿਆ ਕਿ ਇਸ ਟਰੱਸਟ ’ਚ ਪੜ੍ਹ ਰਹੀਆਂ 60 ਛੋਟੀਆਂ ਵਿਦਿਆਰਥਣਾਂ ਉਨ੍ਹਾਂ ਦੀਆਂ ਧੀਆਂ ਹਨ। ਸ੍ਰੀ ਕਲਸੀ ਨੇ ਇੱਥੋਂ ਦੇ ਬਾਈਪਾਸ ਸਥਿਤ ਚੌਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਣ ਸਬੰਧੀ ਹਾਜ਼ਰੀਨਾਂ ਤੋਂ ਵਿਚਾਰ ਲਏ। ਇਸ ਮੌਕੇ ਟਰੱਸਟ ਪ੍ਰਧਾਨ ਭਾਈ ਧਰਮਿੰਦਰ ਸਿੰਘ ਆਦੋਵਾਲੀ ਅਤੇ ਮੀਤ ਪ੍ਰਧਾਨ ਭਾਈ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਗੁਰਮਤਿ ਵਿਦਿਆਲਾ ਭਾਈ ਕੁਲਬੀਰ ਸਿੰਘ ਯੂਕੇ ਦੇ ਯਤਨਾ ਸਦਕਾ ਚੱਲ ਰਿਹਾ, ਜੋ ਧੀਆਂ ਨੂੰ ਮੁਫ਼ਤ ਵਿਦਿਆ, ਰਹਿਣ ਤੇ ਹੋਰ ਸਹੂਲਤਾਂ ਦੇ ਰਿਹਾ ਹੈ। ਇਸ ਮੌਕੇ ‘ਆਪ’ ਆਗੂ ਮਾਣਿਕ ਮਹਿਤਾ, ਲਾਡੀ ਉਮਰਪੁਰਾ ਸਮੇਤ ਹੋਰ ਵੀ ਹਾਜ਼ਰ ਸਨ।