ਜ਼ਿਲ੍ਹਾ ਪ੍ਰਸ਼ਾਸਨ ’ਤੇ ਵਰ੍ਹੇ ਵਿਧਾਇਕ ਬਰਿੰਦਰਮੀਤ ਪਾਹੜਾ
ਕੇਪੀ ਸਿੰਘ
ਗੁਰਦਾਸਪੁਰ, 12 ਜਨਵਰੀ
ਸ਼ਹਿਰ ਵਿੱਚ ਤਿੱਬੜੀ ਰੋਡ ਸਥਿਤ ਭਾਈ ਲਾਲੋ ਚੌਕ ਦੇ ਨਿਰਮਾਣ ਕਾਰਜ ਨੂੰ ਲੈ ਕੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਆਮ ਆਦਮੀ ਪਾਰਟੀ ਦੇ ਪ੍ਰਭਾਵ ਹੇਠ ਕੰਮ ਕਰਦੇ ਹੋਏ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾਉਣ ਦੇ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਕਬਜ਼ੇ ਵਾਲੀ ਨਗਰ ਕੌਂਸਲ ਵੱਲੋਂ ਭਾਈ ਲਾਲੋ ਚੌਕ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ 10 ਦਿਨ ਪਹਿਲਾਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਸੀ। ਚੌਕ ਲਈ ਲਗਪਗ 20 ਫੁੱਟ ਚੌੜਾ ਅਤੇ ਚਾਰ ਫੁੱਟ ਡੂੰਘਾ ਗੋਲਾਕਾਰ ਟੋਇਆ ਪੁੱਟਿਆ ਗਿਆ ਸੀ ਜਿਸ ਵਿੱਚ ਬੀਤੇ ਦਿਨ ਕਿਸੇ ਨੇ ਜੇਸੀਬੀ ਮਸ਼ੀਨ ਨਾਲ ਮਿੱਟੀ ਪਾ ਕੇ ਭਰਨ ਦੀ ਕੋਸ਼ਿਸ਼ ਕੀਤੀ। ਦੋਸ਼ ਲਗਾਇਆ ਗਿਆ ਸੀ ਕਿ ਮਿੱਟੀ ਪਾਉਣ ਵਾਲੇ ਨੇ ਚੌਕ ਵਿੱਚ ਲੱਗੇ ਕੈਮਰਿਆਂ ਦਾ ਮੂੰਹ ਵੀ ਮੋੜ ਦਿੱਤਾ ਸੀ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਇਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਕਾਂਗਰਸੀ ਕੌਂਸਲਰਾਂ ਅਤੇ ਰਾਮਗੜ੍ਹੀਆ ਬਰਾਦਰੀ ਦੇ ਲੋਕਾਂ ਵੱਲੋਂ ਪਾਹੜਾ ਸਮਰਥਕਾਂ ਦੇ ਨਾਲ ਚੌਕ ਵਿੱਚ ਧਰਨਾ ਦਿੱਤਾ ਗਿਆ। ਦੇਰ ਸ਼ਾਮ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਆ ਕੇ ਚੌਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਦੇਰ ਰਾਤ ਤੱਕ ਬੈਠ ਕੇ ਸਵੇਰ ਤੱਕ ਹੀ ਚੌਕ ਬਣਵਾ ਦਿੱਤਾ। ਉਨ੍ਹਾਂ ਦਾ ਦਾਅਵਾ ਹੈ ਕਿ ਚੌਕ ਬਣਨ ਨਾਲ ਇਲਾਕੇ ਦੀ ਟਰੈਫ਼ਿਕ ਵਿਵਸਥਾ ਤੇ ਕੰਟਰੋਲ ਹੋ ਜਾਵੇਗਾ ਪਰ ਪ੍ਰਸ਼ਾਸਨ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ ’ਤੇ ਇਸ ਕੰਮ ਵਿੱਚ ਰੋੜਾ ਅਟਕਾ ਰਿਹਾ ਹੈ।