For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਅਮੋਲਕ ਸਿੰਘ ਵੱਲੋਂ ਜੈਤੋ ਵਿੱਚ ਬਲਾਕ ਪੱਧਰੀ ਖੇਡਾਂ ਦਾ ਆਗ਼ਾਜ਼

10:50 AM Sep 02, 2024 IST
ਵਿਧਾਇਕ ਅਮੋਲਕ ਸਿੰਘ ਵੱਲੋਂ ਜੈਤੋ ਵਿੱਚ ਬਲਾਕ ਪੱਧਰੀ ਖੇਡਾਂ ਦਾ ਆਗ਼ਾਜ਼
ਜੈਤੋ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਆਗ਼ਾਜ਼ ਸਮੇਂ ਵਿਧਾਇਕ ਅਮੋਲਕ ਸਿੰਘ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ।
Advertisement

ਸ਼ਗਨ ਕਟਾਰੀਆ
ਜੈਤੋ, 1 ਸਤੰਬਰ
ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3’ ਅਧੀਨ ਜੈਤੋ ਬਲਾਕ ਦੀਆਂ ਖੇਡਾਂ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੜੀ ਹੀ ਧੂਮਧਾਮ ਨਾਲ ਸ਼ੁਰੂ ਹੋਈਆਂ। ਇਨ੍ਹਾਂ ਖੇਡਾਂ ਦਾ ਆਗ਼ਾਜ਼ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਕੀਤਾ ਗਿਆ। ਵਿਧਾਇਕ ਅਮੋਲਕ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਲਾਘਾ ਕਰਦਿਆਂ ਬੱਚਿਆਂ ਨਾਲ ਯਾਦਗਾਰੀ ਤਸਵੀਰ ਖਿਚਵਾ ਕੇ ਕੇ ਖੇਡਾਂ ਦੀ ਸ਼ੁਭ ਸ਼ੁਰੂਆਤ ਕਰਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਇਸ ਮੌਕੇ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਪਹਿਲੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ 14 (ਲੜਕੇ) ਕਬੱਡੀ ਸਰਕਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਬਹਿਬਲ ਖੁਰਦ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਗੋਂਦਾਰਾ ਦੀ ਟੀਮ ਨੂੰ ਹਰਾਇਆ। ਅੰਡਰ 17 (ਲੜਕੇ) ਕਬੱਡੀ ਸਰਕਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤਾ ਦੀ ਟੀਮ ’ਤੇ ਜਿੱਤ ਪ੍ਰਾਪਤ ਕੀਤੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਬਹਿਬਲ ਦੀ ਟੀਮ ਨੂੰ ਹਰਾਇਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਵਿਧਾਇਕ ਸਮੇਤ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ ‘ਪੰਜਾਬ ਦੀ ਸਾਂਝ’ ਟੀਮ ਨੇ ਵੀ ਆਪਣਾ ਸਹਿਯੋਗ ਕੀਤਾ ਅਤੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਬੱਚਿਆਂ ਨੇ ਵੀ ਪੰਜਾਬ ਸਰਕਾਰ ਦੀ ਭਰਵੀਂ ਤਾਰੀਫ਼ ਕੀਤੀ।
ਇਸ ਮੌਕੇ ਡੀਐੱਸਪੀ ਜੈਤੋ ਸੁਖਦੀਪ ਸਿੰਘ, ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਚੇਅਰਮੈਨ ਮਾਰਕੀਟ ਕਮੇਟੀ ਜੈਤੋ ਡਾ. ਲਛਮਣ ਭਗਤੂਆਣਾ, ‘ਆਪ’ ਦੇ ਸੀਨੀਅਰ ਆਗੂ ਸੱਤ ਪਾਲ ਡੋਡ, ਗੁਬਿੰਦਰ ਵਾਲੀਆ, ਸਕੂਲ ਅਮਲਾ ਅਤੇ ਵਿਦਿਆਰਥੀ ਹਾਜ਼ਰ ਸਨ। ਜ਼ਿਲ੍ਹਾ ਖੇਡ ਅਫ਼ਸਰ ਫ਼ਰੀਦਕੋਟ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਡ ਮੁਕਾਬਲੇ ਭਲਕੇ 2 ਸਤੰਬਰ ਤੱਕ ਜਾਰੀ ਰਹਿਣਗੇ।

Advertisement
Advertisement
Author Image

Advertisement