ਵਿਧਾਇਕ ਅਮੋਲਕ ਸਿੰਘ ਵੱਲੋਂ ਜੈਤੋ ਬਾਈਪਾਸ ਦਾ ਨੀਂਹ ਪੱਥਰ
ਸ਼ਗਨ ਕਟਾਰੀਆ
ਜੈਤੋ, 13 ਨਵੰਬਰ
ਬਾਜਾਖਾਨਾ ਰੋਡ ਨੂੰ ਬਿਸ਼ਨੰਦੀ ਰੋਡ ਨਾਲ ਮਿਲਾਉਣ ਲਈ ਨਵੇਂ ਉਸਾਰੇ ਜਾ ਰਹੇ ਵੱਡ-ਆਕਾਰੀ ਜੈਤੋ ਬਾਈਪਾਸ ਦਾ ਨੀਂਹ ਪੱਥਰ ਅੱਜ ਇੱਥੇ ਹਲਕਾ ਜੈਤੋ ਦੇ ਵਿਧਾਇਕ ਇੰਜੀ. ਅਮੋਲਕ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਅਮੋਲਕ ਸਿੰਘ ਨੇ ਖੁਲਾਸਾ ਕੀਤਾ ਕਿ 2 ਕਰੋੜ 4 ਲੱਖ ਰੁਪਏ ਦੀ ਕੀਮਤ ਨਾਲ ਤਿਆਰ ਹੋਣ ਵਾਲੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ’ਚ ਟ੍ਰੈਫ਼ਿਕ ਦੀ ਭੀੜ ਘੱਟ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਈਪਾਸ ਨਾਲ ਬਿਸ਼ਨੰਦੀ, ਬਠਿੰਡਾ, ਕੋਟਕਪੂਰਾ, ਬਾਜਾਖਾਨਾ, ਦਬੜ੍ਹੀਖਾਨਾ ਤਰਫ਼ ਜਾਣ ਵਾਲੇ ਵਾਹਨਾਂ ਨੂੰ ਭੀੜ-ਭੜੱਕੇ ਤੋਂ ਬਚ ਕੇ ਸ਼ਹਿਰ ਦੇ ਬਾਹਰੋਂ ਹੀ ਆਪਣੀ ਮੰਜ਼ਿਲ ਵੱਲ ਵਧਣ ਦੀ ਬਿਹਤਰ ਸਹੂਲਤ ਹਾਸਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਉਹ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੋਂ ਖੁਦ ਪਾਸ ਕਰਵਾ ਕੇ ਲਿਆਏ ਹਨ। ਉਨ੍ਹਾਂ ਦੱਸਿਆ ਕਿ ਚੌੜੀ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ, ਤਾਂ ਜੋ ਇੱਥੋਂ ਲੰਘਣ ਵਾਲਿਆਂ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਹਰ ਮੁਸ਼ਕਲ ਦੇ ਹੱਲ ਲਈ ਗੰਭੀਰਤਾ ਨਾਲ ਫੈਸਲੇ ਲੈ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਇਹ ਪ੍ਰਾਜੈਕਟ ਵੀ ਇੱਕ ਅਹਿਮ ਹਿੱਸਾ ਹੈ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਟਰੱਕ ਅਪਰੇਟਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਐਡਵੋਕੇਟ ਹਰਸਿਮਰਨ ਮਲਹੋਤਰਾ, ਕੌਂਸਲਰ ਨਰਿੰਦਰਪਾਲ ਸਿੰਘ, ਡਾ. ਹਰੀਸ਼ ਚੰਦਰ, ਸੀਨੀਅਰ ‘ਆਪ’ ਆਗੂ ਸੱਤ ਪਾਲ ਡੋਡ, ਸੁਖਰੀਤ ਰੋਮਾਣਾ, ਅਸ਼ੋਕ ਕੁਮਾਰ ਗਰਗ, ਕੁਲਦੀਪ ਸਿੰਘ ਦਲ ਸਿੰਘ ਵਾਲਾ, ਪਵਨਦੀਪ ਸਿੰਘ, ਜਗਦੀਸ਼ ਸਿੰਘ, ਪ੍ਰਮੋਦ ਕੁਮਾਰ, ਬੇਅੰਤ ਸਿੰਘ ਰਾਜੂ, ਦਵਿੰਦਰ ਸਿੰਘ, ਡਾ. ਸੁਖਮੰਦਰ ਸਿੰਘ ਚੈਨਾ ਆਦਿ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਹਾਜ਼ਰ ਸਨ।