ਮਿਜ਼ੋਰਮ: 174 ਵਿੱਚੋਂ 112 ਉਮੀਦਵਾਰ ਕਰੋੜਪਤੀ
ਐਜ਼ੌਲ, 25 ਅਕਤੂਬਰ
ਮਿਜ਼ੋਰਮ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜਮਾ ਰਹੇ 174 ਉਮੀਦਵਾਰਾਂ ਵਿੱਚੋਂ 112 ਕਰੋੜਪਤੀ ਹਨ ਅਤੇ ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਐਂਡਰਿਊ ਲਲਰੇਮਕਿਮਾ ਪਾਚਆਊ ਕਰੀਬ 69 ਕਰੋੜ ਰੁਪਏ ਦੀ ਐਲਾਨੀ ਜਾਇਦਾਦ ਨਾਲ ਸਭ ਤੋਂ ਵੱਧ ਅਮੀਰ ਹਨ। ਉਮੀਦਵਾਰਾਂ ਦੇ ਹਲਫ਼ਨਾਮੇ ਮੁਤਾਬਕ 64.4 ਫ਼ੀਸਦੀ ਉਮੀਦਵਾਰਾਂ ਨੇ ਇੱਕ ਕਰੋੜ ਰੁਪਏ ਜਾਂ ਉਸ ਤੋਂ ਵੱਧ ਦੀ ਜਾਇਦਾਦ ਐਲਾਨੀ ਹੈ। ਐਂਡਰਿਊ 68.93 ਕਰੋੜ ਰੁਪਏ ਦੀ ਐਲਾਨੀ ਜਾਇਦਾਦ ਨਾਲ ਸਭ ਤੋਂ ਵੱਧ ਅਮੀਰ ਹੈ। ਉਹ ਐਜ਼ੌਲ ਉੱਤਰ-III ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਕਾਂਗਰਸ ਦੇ ਆਰ ਵਨਲਲਤੁਲਆਂਗਾ (ਸੇਰਛਿਪ ਸੀਟ) ਦੂਜੇ ਸਥਾਨ ’ਤੇ ਹਨ। ਉਨ੍ਹਾਂ 55.6 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ, ਜਦਕਿ ਜੋਰਮ ਪੀਪਲਜ਼ ਮੂਵਮੈਂਟ ਦੇ ਐੱਚ ਗਨਿਜ਼ਾਲਾਲਾ (ਚੰਮਫਾਈ ਨਾਰਥ) 36.9 ਕਰੋੜ ਰੁਪਏ ਦੀ ਜਾਇਦਾਦ ਨਾਲ ਤੀਜੇ ਸਥਾਨ ’ਤੇ ਹਨ। ਹਲਫ਼ਨਾਮਿਆਂ ਅਨੁਸਾਰ ਉਨ੍ਹਾਂ ਦੀ ਆਮਦਨ ਦਾ ਸਰੋਤ ਕਾਰੋਬਾਰ ਹੈ। ਸੇਰਛਿਪ ਸੀਟ ਤੋਂ ਆਜ਼ਾਦ ਉਮੀਦਵਾਰ ਰਾਮਹੁਲਨ-ਏਡੇਨਾ ਕੋਲ ਸਭ ਤੋਂ ਘੱਟ 1500 ਰੁਪਏ ਦੀ ਚਾਲੂ ਜਾਇਦਾਦ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਆਪਣੇ ਹਲਫ਼ਨਾਮੇ ਵਿੱਚ ਲੌਂਗਤਲਾਈ ਪੱਛਮ ਤੋਂ ਭਾਜਪਾ ਉਮਦੀਵਾਰ ਜੇਬੀ ਰਾਉਲਛਿੰਗਾ ਨੇ ਗਲਤੀ ਨਾਲ ਆਪਣੀ ਜਾਇਦਾਦ 90.32 ਕਰੋੜ ਰੁਪਏ ਐਲਾਨ ਦਿੱਤੀ ਹੈ। ਪਾਰਟੀ ਨੇ ਚੋਣ ਕਮਿਸ਼ਨ ਨੂੰ ਇਸ ਵਿੱਚ ਸੋਧ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਜ਼ੋ ਨੈਸ਼ਨਲ ਫਰੰਟ ਦੇ ਉਮੀਦਵਾਰ ਲਲਰਨਿੇਂਗਾ ਸੇਲੋ (ਹਾਚੇਕ) 100 ਕਰੋੜ ਰੁਪਏ ਦੀ ਜਾਇਦਾਦ ਨਾਲ ਸਭ ਤੋਂ ਅਮੀਰ ਉਮੀਦਵਾਰ ਸੀ। ਇਸ ਵਾਰ ਸੇਲੋ ਦੀ ਜਾਇਦਾਦ ਘਟ ਕੇ 26.24 ਕਰੋੜ ਰੁਪਏ ਰਹਿ ਗਈ ਹੈ। ਚੋਣ ਮੈਦਾਨ ’ਚ ਉੱਤਰੀਆਂ 16 ਮਹਿਲਾ ਉਮੀਦਵਾਰਾਂ ਵਿੱਚੋਂ ਕਾਂਗਰਸ ਉਮੀਦਵਾਰ ਮਰੀਅਮ ਐੱਲ ਹਰਾਂਗਚਲ (ਲੁੰਗਲੇਈ ਦੱਖਣੀ) 18.63 ਕਰੋੜ ਰੁਪਏ ਦੀ ਜਾਇਦਾਦ ਨਾਲ ਸਭ ਤੋਂ ਅਮੀਰ ਹੈ। -ਪੀਟੀਆਈ