ਤੀਆਂ ਦੇ ਪ੍ਰੋਗਰਾਮ ਵਿੱਚ ਮੀਆਂਪੁਰੀ ਤੇ ਚਨੌਲੀ ਨੇ ਲਾਈਆਂ ਰੌਣਕਾਂ
ਜਗਮੋਹਨ ਸਿੰਘ
ਘਨੌਲੀ, 28 ਜੁਲਾਈ
ਯੂਨੀਕ ਫਿਟਨੈੱਸ ਫੈਮਿਲੀ ਐਂਡ ਐਡਵੈਂਚਰ ਕਲੱਬ ਰੋਪੜ ਵਲੋਂ ਸਰਾਏ ਭਰਤਗੜ੍ਹ ਵਿੱਚ ਤੀਆਂ ਦਾ ਤਿਓਹਾਰ ਮਨਾਇਆ ਗਿਆ। ਇਸ ਮੇਲੇ ਵਿੱਚ ਗ੍ਰਹਿਣੀਆਂ ਅਤੇ ਮੁਟਿਆਰਾਂ ਖ਼ੂਬਸੂਰਤ ਲਿਬਾਸ ਤੇ ਫੁਲਕਾਰੀਆਂ ਲੈ ਕੇ ਪਹੁੰਚੀਆਂ। ਪੁਰਾਤਨ ਸਮਿਆਂ ਵਾਂਗ ਪੀਪਿਆਂ ਵਿੱਚ ਭੈਣਾਂ ਵਾਸਤੇ ਵੀਰਾਂ ਵਲੋਂ ਸੰਧਾਰਾ ਲਿਆਂਦਾ ਗਿਆ। ਪੀਘਾਂ ਝੂਟੀਆਂ ਗਈਆਂ। ਹਰਜੀਤ ਕੌਰ ਵਲੋਂ ਜਿੱਥੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ ਗਈ, ਉੱਥੇ ਕੋਰਿਓਗ੍ਰਾਫ਼ੀ ਵੀ ਪੇਸ਼ ਕੀਤੀ ਗਈ। ਕਲੱਬ ਦੀਆਂ ਹੋਰ ਮੈਂਬਰਾਂ ਨੇ ਵੀ ਗਿੱਧਾ ਪਾਇਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਪੁੱਜੇ ਲੋਕ ਗਾਇਕ ਜਸਮੇਰ ਮੀਆਂਪੁਰੀ ਅਤੇ ਗਾਇਕ ਏਕਮ ਚਨੌਲੀ ਨੇ ਗੀਤ ਤੇ ਬੋਲੀਆਂ ਪਾ ਕੇ ਸੁਆਣੀਆਂ ਨੂੰ ਖ਼ੂਬ ਨਚਾਇਆ। ਇਸ ਮੌਕੇ ਕਲੱਬ ਦੇ ਮੈਂਬਰਾਂ ਰਾਜ ਕੁਮਾਰ ਸਿੱਕਾ, ਰਾਜੇਸ਼ ਸ਼ਰਮਾ, ਪਰਮਜੀਤ ਸਿੰਘ ਯੂਐੱਸਏ, ਠੇਕੇਦਾਰ ਜਤਿੰਦਰ ਸਿੰਘ, ਓਂਕਾਰ ਸਿੰਘ, ਅਜਮੇਰ ਸਿੰਘ, ਬਲਵੀਰ ਕੌਰ, ਮਨਜੀਤ ਕੌਰ, ਨਿਸ਼ੀ, ਲੱਪੀ ਢੋਲੀ ਅਤੇ ਰੋਪੜ ਸ਼ਹਿਰ ਦੇ ਹੋਰ ਵੀ ਪਤਵੰਤੇ ਹਾਜ਼ਰ ਸਨ। ਕੋਚ ਬਿਕਰਮਜੀਤ ਸਿੰਘ ਘੁੰਮਣ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਭਨਾਂ ਨੂੰ ਵਿਰਸੇ ਨਾਲ ਜੁੜਨ ਦਾ ਸੁਨੇਹਾ ਦਿੱਤਾ।