‘ਭਾਰਤ ਬੰਦ’ ਨੂੰ ਸ਼ਹਿਰਾਂ ਵਿੱਚ ਰਲਵਾਂ-ਮਿਲਵਾਂ ਹੁੰਗਾਰਾ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 16 ਫਰਵਰੀ
ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਮੋਰਚੇ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ ਜਦੋਂਕਿ ਦਿਹਾਤੀ ਖੇਤਰ ਵਿੱਚ ਇਹ ਬੰਦ ਪੂਰੀ ਤਰ੍ਹਾਂ ਸਫਲ ਰਿਹਾ। ਇਸ ਸਬੰਧ ਵਿੱਚ ਕਾਰਖਾਨਿਆਂ ਦੇ ਮਜ਼ਦੂਰਾਂ, ਮੁਲਾਜ਼ਮਾਂ ,ਟਰਾਂਸਪੋਰਟ ਕਾਮਿਆ ਤੇ ਦੁਕਾਨਦਾਰਾਂ ਵੱਲੋਂ ਆਪਣੇ ਕੰਮ ਬੰਦ ਰੱਖ ਕੇ ਅਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਇੱਥੇ ਭੰਡਾਰੀ ਪੁੱਲ ਤੇ 12 ਤੋਂ 3 ਵਜੇ ਤੱਕ ਇੱਕ ਵੱਡੀ ਰੈਲੀ ਕੀਤੀ ਗਈ। ਬੁਲਾਰਿਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਮਜ਼ਦੂਰ ਵਿਰੋਧੀ ਚਾਰ ਲੇਬਰ ਬਿਲ ਰੱਦ ਕੀਤੇ ਜਾਣ, ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 26000 ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕੀਤੀ ਜਾਵੇ, 60 ਸਾਲ ਦੀ ਉਮਰ ਤੋਂ ਵੱਧ ਦੇ ਹਰੇਕ ਨਾਗਰਿਕ ਲਈ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਾਈ ਜਾਵੇ, ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਕੰਮ ਵਾਲੇ ਸਥਾਨ ਤੇ ਸੁਰੱਖਿਆ ਯਕੀਨੀ ਬਣਾਈ ਜਾਵੇ, ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮਨਰੇਗਾ ਤਹਿਤ 200 ਦਿਨ ਕੰਮ ਦਿੱਤਾ ਜਾਵੇ ਅਤੇ 700ਰੁਪਏ ਦਿਹਾੜੀ ਦਿੱਤੀ ਜਾਵੇ, ਫ਼ਸਲਾਂ ਦੀ ਸਰਕਾਰੀ ਖਰੀਦ ਲਈ ਕਾਨੂੰਨ ਬਣਾਇਆ ਜਾਵੇ, ਪ੍ਰਦੂਸ਼ਣ ਐਕਟ ਵਿੱਚੋਂ ਕਿਸਾਨੀ ਨੂੰ ਬਾਹਰ ਕੀਤਾ ਜਾਵੇ, ਬਿਜਲੀ ਐਕਟ 2022 ਰੱਦ ਕੀਤਾ ਜਾਵੇ ,ਲਖੀਮਪੁਰ ਖੀਰੀ ਮਾਮਲੇ ਵਿੱਚ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ, ਖੇਤੀ ਨੂੰ ਕਾਰਪੋਰੇਟ ਮੁਕਤ ਕੀਤਾ ਜਾਵੇ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਮਾਫ ਕੀਤੇ ਜਾਣ , ਟਰਾਂਸਪੋਰਟ ਦਾ ਹਿੱਟ ਐਂਡ ਰਨ ਕਾਨੂੰਨ ਵਾਪਸ ਕੀਤਾ ਜਾਵੇ ।
ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਦੌਰਾਨ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਦੁਕਾਨਾਂ ਸਵੇਰ ਵੇਲੇ ਬੰਦ ਰਹੀਆਂ ਪਰ ਬਾਅਦ ਦੁਪਹਿਰ ਦੁਕਾਨਾਂ ਖੁੱਲ ਗਈਆਂ । ਕੁਝ ਸਕੂਲ ਬੰਦ ਰਹੇ ਪਰ ਵਧੇਰੇ ਸਕੂਲ ਅਤੇ ਵਿਦਿਅਕ ਸੰਸਥਾਵਾਂ ਖੁੱਲੀਆਂ ਰਹੀਆਂ । ਸ਼ਹਿਰ ਵਿੱਚ ਆਵਾਜਾਈ ਵੀ ਨਿਰੰਤਰ ਚਲਦੀ ਰਹੀ ਪਰ ਬੱਸ ਅੱਡੇ ਵਿੱਚ ਬਸ ਆਵਾਜਾਈ ਮੁਕੰਮਲ ਤੌਰ ਤੇ ਬੰਦ ਰਹੀ । ਇਸ ਦੇ ਮੁਕਾਬਲੇ ਦਿਹਾਤੀ ਖੇਤਰ ਵਿੱਚ ਇਹ ਬੰਦ ਪੂਰੀ ਤਰ੍ਹਾਂ ਸਫਲ ਰਿਹਾ। ਇਸ ਦੌਰਾਨ ਪੁਲੀਸ ਵੱਲੋਂ ਰੈਲੀ ਵਾਲੇ ਸਥਾਨ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਬੰਦ ਦੌਰਾਨ ਕਿਸੇ ਵੀ ਥਾਂ ਤੋਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ।
ਨਵਾਂਸ਼ਹਿਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਤਹਿਤ ਜ਼ਿਲ੍ਹੇ ਵਿਚ ਬੰਦ ਦਾ ਪ੍ਰਭਾਵਸ਼ਾਲੀ ਅਸਰ ਰਿਹਾ। ਨਵਾਂਸ਼ਹਿਰ, ਬੰਗਾ, ਬਲਾਚੌਰ, ਰਾਹੋਂ ਵਿੱਚ ਦੁਕਾਨਾਂ ਬੰਦ ਰਹੀਆਂ। ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਨੇ ਜ਼ਿਲ੍ਹਾ ਪੱਧਰੀ ਇਕੱਠ ਲੰਗੜੋਆ ਬਾਈਪਾਸ ਉੱਤੇ ਕੀਤਾ। ਆਗੂਆਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ, ਰੁਜ਼ਗਾਰ ਨੂੰ ਮੌਲਿਕ ਅਧਿਕਾਰ ਬਣਾਉਣ, ਚਾਰ ਕਿਰਤ ਕੋਡ ਰੱਦ ਕਰਨ, ਚਿੱਪ ਵਾਲੇ ਬਿਜਲੀ ਮੀਟਰ ਲਾਉਣੇ ਬੰਦ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ, ਖਾਲੀ ਅਸਾਮੀਆਂ ਭਰਨ, ਠੇਕੇ ਦੇ ਮੁਲਾਜ਼ਮ ਪੂਰੇ ਗਰੇਡ ਤੇ ਪੱਕੇ ਕਰਨ ਆਦਿ ਦੀ ਮੰਗ ਕੀਤੀ ਗਈ। ਇਸ ਦੌਰਾਨ ਹਰਿਆਣਾ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਦੇ ਰਾਹਾਂ ਵਿਚ ਕਿੱਲ ਗੱਡਣ, ਅੱਥਰੂ ਗੈਸ ਦੇ ਗੋਲੇ ਦਾਗ਼ਣ ਦੀ ਸਖਤ ਨਿਖੇਧੀ ਕੀਤੀ।
ਗੁਰਦਾਸਪੁਰ (ਪੱਤਰ ਪ੍ਰੇਰਕ): ਗੁਰਦਾਸਪੁਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਅੱਜ ਕਸਬਿਆਂ, ਸ਼ਹਿਰਾਂ ਦੀਆਂ ਦੁਕਾਨਾਂ ਰੇੜੀਆਂ, ਬਿਜਲੀ ਬੋਰਡ ਜਨਤਕ ਅਦਾਰੇ, ਟਰਾਂਸਪੋਰਟ, ਮੰਡੀਆਂ ਬੰਦ ਕਰ ਕੇ ‘ਭਾਰਤ ਬੰਦ’ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬੱਬਰੀ ਬਾਈਪਾਸ ’ਤੇ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ।
ਪਠਾਨਕੋਟ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਮਲਿਕਪੁਰ ਚੌਕ ਵਿੱਚ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਕੰਗ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੀ ਸ਼ਾਮਲ ਹੋਏ। ਧਰਨਾ ਦੇਣ ਵਾਲਿਆਂ ਵਿੱਚ ਸਰਪੰਚ ਬਲਵਿੰਦਰ ਸਿੰਘ ਢਿੱਲੋਂ, ਜੋਤੀ ਬਾਜਵਾ, ਗੁਰਬਾਗ ਸਿੰਘ, ਸਰਬਜੀਤ ਸਿੰਘ, ਨਰਿੰਦਰ ਸਿੰਘ, ਅਮਰੀਕ ਸਿੰਘ, ਮੋਹਨ ਸਿੰਘ, ਜੋਗਾ ਸਿੰਘ, ਸਤੀਸ਼ ਸਰਨਾ ਆਦਿ ਸ਼ਾਮਲ ਸਨ। ਨਾਰਦਰਨ ਰੇਲਵੇ ਮੈਨਸ ਯੂਨੀਅਨ ਵੱਲੋਂ ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ’ਤੇ ਗੇਟ ਰੈਲੀ ਕੀਤੀ ਗਈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ‘ਭਾਰਤ ਬੰਦ’ ਨੂੰ ਇੱਥੇ ਰਲਵਾਂ-ਮਿਲਵਾ ਹੁੰਗਾਰਾ ਮਿਲਿਆ। ਵਪਾਰਕ ਅਦਾਰੇ ਚਾਰ ਘੰਟੇ ਲਈ ਬੰਦ ਰਹੇ। ਪਨਬਸ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਹੜਤਾਲ ਵਿਚ ਸ਼ਾਮਲ ਹੋਣ ਕਾਰਨ ਬੱਸਾਂ ਨਹੀਂ ਚੱਲੀਆਂ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਖੱਜਲ-ਖੁਆਰੀ ਹੋਈ। ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਟਰੇਡ ਯੂਨੀਅਨਾਂ ਵਲੋਂ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇਕੱਠੇ ਹੋਣ ਤੋਂ ਬਾਅਦ ਸ਼ਹਿਰ ਅੰਦਰ ਮਾਰਚ ਕੀਤਾ ਗਿਆ ਅਤੇ ਪ੍ਰਭਾਤ ਚੌਕ ਵਿਚ ਜਾਮ ਲਗਾਇਆ ਗਿਆ।
ਜਲੰਧਰ (ਪੱਤਰ ਪ੍ਰੇਰਕ): ਭਾਰਤ ਬੰਦ ਦਾ ਪੂਰਾ ਅਸਰ ਜਲੰਧਰ ’ਚ ਦੇਖਣ ਨੂੰ ਮਿਲਿਆ ਹੈ। ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਅੱਜ ਸਵੇਰੇ 8 ਵਜੇ ਤੋਂ ਹੀ ਕਿਸਾਨ ਆਪਣੇ ਵਾਹਨਾਂ ’ਤੇ ਮਾਈਕ ਲਗਾ ਕੇ ਪੂਰੇ ਸ਼ਹਿਰ ’ਚ ਕਾਰੋਬਾਰੀਆਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕਰ ਰਹੇ ਸਨ। ਅੱਜ ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਰਹੇ। ਪੀਏਪੀ ਚੌਕ ਨੂੰ ਵੀ ਕਿਸਾਨਾਂ ਵੱਲੋਂ ਸਵੇਰੇ 10 ਵਜੇ ਦੇ ਕਰੀਬ ਬੰਦ ਕਰ ਦਿੱਤਾ ਗਿਆ। ਜਲੰਧਰ ਰਾਹੀਂ ਅੰਮ੍ਰਿਤਸਰ, ਪਠਾਨਕੋਟ, ਜੰਮੂ ਅਤੇ ਹਿਮਾਚਲ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਦੇ ਸਮਰਥਨ ’ਚ ਅੱਜ ਰੇਲਵੇ ਸਟੇਸ਼ਨ ਦੇ ਬਾਹਰ ਆਟੋ ਅਤੇ ਟੈਕਸੀ ਚਾਲਕ ਵੀ ਹੜਤਾਲ ’ਤੇ ਹਨ।
ਤਰਨ ਤਾਰਨ (ਪੱਤਰ ਪ੍ਰੇਰਕ): ‘ਭਾਰਤ ਬੰਦ’ ਦੇ ਸੱਦੇ ਨੂੰ ਜ਼ਿਲ੍ਹੇ ਅੰਦਰ ਭਰਵਾਂ ਹੁੰਗਾਰਾ ਮਿਲਿਆ। ਇਸ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀਬੀਐੱਸਈ ਦੀਆਂ ਚੱਲ ਰਹੀਆਂ ਪ੍ਰੀਖਿਆਂਵਾਂ ’ਤੇ ਕੋਈ ਮਾੜਾ ਅਸਰ ਨਹੀਂ ਪਿਆ। ਜ਼ਿਲ੍ਹੇ ਦੇ ਕਿਸੇ ਵੀ ਭਾਗ ਤੋਂ ‘ਬੰਦ’ ਕਰਕੇ ਪ੍ਰੀਖਿਆਵਾਂ ਵਿੱਚ ਬੈਠਣ ਵਿੱਚ ਦਿੱਕਤ ਆਉਣ ਦੀ ਰਿਪੋਰਟ ਨਹੀਂ ਮਿਲੀ|
ਚੱਕ ਬਾਹਮਣੀਆਂ ਟੌਲ ਪਰਚੀ ਮੁਕਤ ਕਰਵਾਇਆ
ਸ਼ਾਹਕੋਟ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦੇ ਦਿਤੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਨੇ ਸ਼ਾਹਕੋਟ-ਮੋਗਾ ਸੜਕ ’ਤੇ ਚੱਕ ਬਾਹਮਣੀਆਂ ਦੇ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ ਅਤੇ ਲੋਕਾਂ ਨੂੰ ਟੌਲ ਤੋਂ ਬਿਨਾਂ ਲੰਘਾਇਆ। ਇਸਤੋਂ ਇਲਾਵਾਂ ਮੱਲੀਆਂ ਕਲਾਂ ਅਤੇ ਨਕੋਦਰ ਬਾਈਪਾਸ ਤੇ ਸੜਕਾਂ ਜਾਮ ਕਰਕੇ ਰੈਲੀਆਂ ਕੀਤੀਆਂ। ਰੈਲੀਆਂ ਨੂੰ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ, ਸਕੱਤਰ ਗੁਰਚਰਨ ਸਿੰਘ ਚਾਹਲ, ਪ੍ਰੈਸ ਸਕੱਤਰ ਮਨਜੀਤ ਸਿੰਘ ਮਲਸੀਆਂ, ਮਨਜੀਤ ਸਾਬੀ, ਬਲਕਾਰ ਸਿੰਘ ਫਾਜ਼ਿਲਵਾਲ ਆਦਿ ਨੇ ਸੰਬੋਧਨ ਕੀਤਾ।