ਸਰਕਾਰੀ ਮਹਿਕਮਿਆਂ ’ਚ ਪ੍ਰਾਈਵੇਟ ਗੱਡੀਆਂ ਦੀ ਦੁਰਵਰਤੋਂ
ਕੁਲਦੀਪ ਸਿੰਘ
ਚੰਡੀਗੜ੍ਹ, 27 ਜੂਨ
ਡਰਾਈਵਰ ਤੇ ਟੈਕਨੀਕਲ ਯੂਨੀਅਨ ਪੰਜਾਬ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੋਲ ਸ਼ਿਕਾਇਤ ਕੀਤੀ ਗਈ ਹੈ ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਆਊਟਸੋਰਸਿੰਗ ਏਜੰਸੀਆਂ ਤੋਂ ਠੇਕੇ ‘ਤੇ ਲਈਆਂ ਜਾਂਦੀਆਂ ਪ੍ਰਾਈਵੇਟ ਗੱਡੀਆਂ ਰਾਹੀਂ ਹਰ ਮਹੀਨੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਖੋਰਾ ਲੱਗ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਹੁਤੇ ਅਧਿਕਾਰੀ ਅਤੇ ਰਸੂਖਦਾਰ ਕਰਮਚਾਰੀ ਇਨ੍ਹਾਂ ਪ੍ਰਾਈਵੇਟ ਗੱਡੀਆਂ ਦੀ ਵਰਤੋਂ ਆਪਣੇ ਨਿੱਜੀ ਤੇ ਘਰੇਲੂ ਕੰਮਾਂ ਲਈ ਕਰਦੇ ਹਨ।
ਇਸ ਬਾਰੇ ਡਰਾਈਵਰ ਤੇ ਟੈਕਨੀਕਲ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਬਰਾੜ, ਜਨਰਲ ਸਕੱਤਰ ਗੁਰਦੀਪ ਸਿੰਘ, ਗੋਬਿੰਦਰ ਸਿੰਘ ਬਠਿੰਡਾ ਤੇ ਸਿਹਤ ਵਿਭਾਗ ਤੋਂ ਸੰਜੀਵ ਕੁਮਾਰ ਨੇ ਦੱਸਿਆ ਕਿ ਵੱਖ-ਵੱਖ ਮਹਿਕਮੇ ਫੀਲਡ ਦੇ ਕੰਮਾਂ ਸਬੰਧੀ ਆਪਣੇ ਅਧਿਕਾਰੀਆਂ ਲਈ ਆਊਟਸੋਰਸਿੰਗ ਏਜੰਸੀਆਂ ਤੋਂ ਗੱਡੀਆਂ ਲੈਂਦੇ ਹਨ, ਜਿਨ੍ਹਾਂ ਦਾ ਭੁਗਤਾਨ ਏਜੰਸੀ ਨੂੰ ਹਰ ਮਹੀਨੇ ਪ੍ਰਤੀ ਵਾਹਨ ਦੇ ਹਿਸਾਬ ਨਾਲ ਉੱਕਾ-ਪੁੱਕਾ ਕੀਤਾ ਜਾਂਦਾ ਹੈ। ਯੂਨੀਅਨ ਦਾ ਦਾਅਵਾ ਹੈ ਕਿ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਗੱਡੀਆਂ ਅਧਿਕਾਰੀਆਂ ਦੇ ਘਰਾਂ ਵਿੱਚ ਹੀ ਖੜ੍ਹੀਆਂ ਰਹਿੰਦੀਆਂ ਹਨ ਅਤੇ ਅਧਿਕਾਰੀਆਂ ਦੇ ਨਿੱਜੀ ਕੰਮਾਂ ਲਈ ਹੀ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਗੱਡੀਆਂ ਦੇ ਨੰਬਰ ਪ੍ਰਾਈਵੇਟ ਹੋਣ ਕਾਰਨ ਕਿਸੇ ਨੂੰ ਇਸ ਬਾਰੇ ਸ਼ੱਕ ਵੀ ਨਹੀਂ ਪੈਂਦਾ। ਯੂਨੀਅਨ ਆਗੂਆਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਗੱਡੀਆਂ ਦੇ ਕਿਲੋਮੀਟਰ ਨੋਟ ਕਰਨ ਜਾਂ ਕਿਸੇ ਡਿਊਟੀ ‘ਤੇ ਜਾਣ ਸਬੰਧੀ ਕੋਈ ‘ਲੌਗ ਬੁੱਕ’ ਵੀ ਨਹੀਂ ਲਗਾਈ ਗਈ, ਜਿਸ ਕਰਕੇ ਇਨ੍ਹਾਂ ਗੱਡੀਆਂ ਦੀ ਵਰਤੋਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ। ਉਨ੍ਹਾਂ ਮੰਗ ਕੀਤੀ ਕਿ ਇਹ ਗੱਡੀਆਂ ਟੈਕਸੀ ਨੰਬਰ ਦੀਆਂ ਲਈਆਂ ਜਾਣ ਅਤੇ ਇਨ੍ਹਾਂ ‘ਤੇ ‘ਆਨ ਪੰਜਾਬ ਗੌਰਮਿੰਟ ਡਿਊਟੀ’ ਦੀ ਤਖ਼ਤੀ ਲੱਗਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਟੈਕਸੀਆਂ ਤੋਂ ਲਈ ਜਾਣ ਵਾਲੀ ਸੇਵਾ ਸਬੰਧੀ ‘ਲੌਗ ਬੁੱਕ’ ਵਿੱਚ ਸਾਰਾ ਕੁਝ ਦਰਜ ਕੀਤਾ ਜਾਵੇ ਤਾਂ ਜੋ ਸਰਕਾਰੀ ਖ਼ਜ਼ਾਨੇ ਨੂੰ ਲੱਗ ਰਹੇ ਖੋਰੇ ਨੂੰ ਰੋਕਿਆ ਜਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਯੂਨੀਅਨ ਦੇ ਵਫ਼ਦ ਨੇ ਇਸ ਮੁੱਦੇ ਬਾਰੇ ਵਿੱਤ ਮੰਤਰੀ ਪੰਜਾਬ ਐਡਵੋਕੇਟ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਸਾਰੀ ਗੱਲ ਉਨ੍ਹਾਂ ਸਾਹਮਣੇ ਰੱਖੀ ਸੀ ਤੇ ਮੰਗ ਕੀਤੀ ਸੀ ਕਿ ਆਊਟਸੋਰਸਿੰਗ ਏਜੰਸੀਆਂ ਤੋਂ ਲਈਆਂ ਜਾਣ ਵਾਲੀਆਂ ਗੱਡੀਆਂ ‘ਟੈਕਸੀ’ ਨੰਬਰ ਹੀ ਲਈਆਂ ਜਾਣ।