ਪੰਚਾਇਤੀ ਚੋਣਾਂ ’ਚ ਹੋ ਰਹੀ ਹੈ ਤਾਕਤ ਦੀ ਦੁਰਵਰਤੋਂ: ਮਜੀਠੀਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਵਿੱਚ ਹਾਕਮ ਧਿਰ ਵੱਲੋਂ ਤਾਕਤ ਅਤੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹ ਅੱਜ ਇੱਥੇ ਅਦਾਲਤ ਵਿੱਚ ਮਾਣਹਾਨੀ ਮਾਮਲੇ ਵਿੱਚ ਪੇਸ਼ੀ ਲਈ ਪੁੱਜੇ ਸਨ। ਇਸ ਮਾਮਲੇ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸ੍ਰੀ ਖੈਤਾਨ ਪਹਿਲਾਂ ਹੀ ਮੁਆਫੀ ਮੰਗ ਚੁੱਕੇ ਹਨ। ਮਜੀਠੀਆ ਵੱਲੋਂ ਦਾਇਰ ਕੀਤਾ ਗਿਆ ਮਾਣਹਾਨੀ ਦਾ ਇਹ ਮਾਮਲਾ ‘ਆਪ’ ਆਗੂ ਸੰਜੈ ਸਿੰਘ ਖ਼ਿਲਾਫ਼ ਇੱਥੇ ਅਦਾਲਤ ਵਿੱਚ ਵਿਚਾਰਅਧੀਨ ਹੈ। ਦੱਸਣਯੋਗ ਹੈ ਕਿ ‘ਆਪ’ ਆਗੂਆਂ ਵੱਲੋਂ ਮਜੀਠੀਆ ਖ਼ਿਲਾਫ਼ ਨਸ਼ਿਆਂ ਦੇ ਕਾਰੋਬਾਰ ਸਬੰਧੀ ਗੰਭੀਰ ਦੋਸ਼ ਲਾਏ ਗਏ ਸਨ, ਜਿਨ੍ਹਾਂ ਨੂੰ ਅਕਾਲੀ ਆਗੂ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ ‘ਆਪ’ ਆਗੂਆਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਸੀ।
ਅਦਾਲਤ ’ਚੋਂ ਬਾਹਰ ਆਉਣ ਮਗਰੋਂ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਮਜੀਠੀਆ ਨੇ ਆਖਿਆ ਕਿ ‘ਆਪ’ ਆਗੂ ਸੰਜੈ ਸਿੰਘ ਪਿਛਲੀਆਂ ਕਈ ਪੇਸ਼ੀਆਂ ਤੋਂ ਅਦਾਲਤ ਨਹੀਂ ਪੁੱਜੇ ਅਤੇ ਅੱਜ ਉਨ੍ਹਾਂ ਦੇ ਵਕੀਲਾਂ ਵੱਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀ ਪੇਸ਼ੀ ਯਕੀਨੀ ਬਣਾਈ ਜਾਵੇ।
ਪੰਚਾਇਤੀ ਚੋਣਾਂ ਸਬੰਧੀ ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਵਾਸਤੇ ਗੈਂਗਸਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜੇਲ੍ਹਾਂ ਅਤੇ ਹੋਰ ਥਾਵਾਂ ਤੋਂ ਗੈਂਗਸਟਰਾਂ ਦੇ ਫੋਨ ਕਰਵਾਏ ਜਾ ਰਹੇ ਹਨ, ਜਿਸ ਨਾਲ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ।