ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਤੇ ਮੌਸਮ ਨਾਲ ਖਿਲਵਾੜ
ਮਹਿੰਦਰ ਸਿੰਘ ਦੋਸਾਂਝ
ਪਾਣੀ ਜੀਵਨ ਦੀ ਜੋਤ ਨੂੰ ਜਗਦੀ ਰੱਖਣ ਲਈ ਤੇਲ ਦੇ ਸਮਾਨ ਹੈ। ਪਾਣੀ ਦਾ ਹੋਰ ਕੋਈ ਬਦਲ ਨਹੀਂ। ਇਸ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਨੂੰ ਧਾਰਮਿਕ ਨਿਯਮ ਸਮਝ ਕੇ ਜੀਵਨ ਵਿੱਚ ਲਾਗੂ ਕਰਨ ਦੀ ਲੋੜ ਹੈ। ਪੰਜਾਬ ਅੰਦਰ ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਫ਼ਸਲ ਲਈ ਵੱਡੀ ਪੱਧਰ ’ਤੇ ਧਰਤੀ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈ, ਜਿਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਤੇ ਕਿਸਾਨਾਂ ਨੂੰ ਪਾਣੀ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਦੀ ਸਖ਼ਤ ਲੋੜ ਹੈ।
ਸਿਰਫ਼ ਇਨਸਾਨੀ ਜੀਵਨ ਜਿਊਣ ਲਈ ਹੀ ਨਹੀਂ, ਸਗੋਂ ਇਸ ਧਰਤੀ ’ਤੇ ਪੈਦਾ ਹੋਏ ਪਸ਼ੂ-ਪੰਛੀਆਂ, ਕੀੜੇ-ਮਕੌੜਿਆਂ, ਬਿਰਖ, ਬੂਟਿਆਂ ਅਤੇ ਫ਼ਸਲਾਂ ਆਦਿ ਲਈ ਵੀ ਪਾਣੀ ਕੁਦਰਤ ਵੱਲੋਂ ਬਖ਼ਸ਼ੀ ਗਈ ਅਮੁੱਲ ਦਾਤ ਹੈ। ਹੋਰ ਕੁਦਰਤੀ ਸੋਮਿਆਂ ਦੇ ਨਾਲ-ਨਾਲ ਗੁਰਮਤਿ ਦਰਸ਼ਨ ਵਿੱਚ ਵੀ ਪਾਣੀ ਨੂੰ ਵਿਸ਼ੇਸ਼ ਤੇ ਉੱਤਮ ਸਥਾਨ ਦਿੱਤਾ ਗਿਆ ਹੈ, ਜਿਵੇਂ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਪਾਣੀ ਦੀ ਅਜੋਕੀ ਸਥਿਤੀ ਦਾ ਮੁਲਾਂਕਣ ਕਰੀਏ ਤਾਂ ਪਤਾ ਲੱਗਦਾ ਹੈ ਕਿ 97.33 ਫ਼ੀਸਦੀ ਪਾਣੀ ਖਾਰੇ ਰੂਪ ਵਿੱਚ ਸਮੁੰਦਰਾਂ ਅੰਦਰ ਪਿਆ ਹੈ, 2.39 ਫ਼ੀਸਦੀ ਪਾਣੀ ਆਸਮਾਨ ’ਤੇ ਬੱਦਲਾਂ ਦੇ ਰੂਪ ਵਿੱਚ ਅਤੇ ਧਰਤੀ ’ਤੇ ਨਦੀਆਂ ਨਾਲਿਆਂ ਅਤੇ ਦਰਿਆਵਾਂ ਦੇ ਰੂਪ ਵਿੱਚ ਯਾਤਰਾ ਕਰ ਰਿਹਾ ਹੈ, ਜਾਂ ਫਿਰ ਗਲੇਸ਼ੀਅਰਾਂ ਦੇ ਰੂਪ ਵਿੱਚ ਪਹਾੜਾਂ ’ਤੇ ਪਿਆ ਹੈ। ਸਿਰਫ਼ 0.61 ਫ਼ੀਸਦੀ ਪਾਣੀ ਵਿਸ਼ਵ ਦੀਆਂ ਲੋੜਾਂ ਵਾਸਤੇ ਧਰਤੀ ਦੇ ਗਰਭ ਵਿੱਚ ਪਿਆ ਹੈ।
ਇਸ ਵੇਲੇ ਵਿਸ਼ਵ ਦੀ ਕੁੱਲ ਆਬਾਦੀ ਵਿੱਚ ਭਾਰਤ ਦਾ 18 ਫ਼ੀਸਦੀ ਹਿੱਸਾ ਹੈ ਤੇ ਵਿਸ਼ਵ ਦੇ ਪਾਣੀ ਦੇ ਭੰਡਾਰ ਵਿੱਚ ਭਾਰਤ ਦਾ ਮਹਿਜ਼ 4 ਫ਼ੀਸਦੀ ਹਿੱਸਾ ਹੈ।
ਹੁਣ ਤੱਕ ਸਾਡੇ ਪ੍ਰਿਥਵੀ ਵਿਗਿਆਨੀ, ਮਾਹਿਰ ਤੇ ਵਿਚਾਰਵਾਨ ਵੱਡੀ ਮਾਤਰਾ ਵਿੱਚ ਧਰਤੀ ਹੇਠੋਂ ਪਾਣੀ ਕੱਢਣ ਨਾਲ ਪਾਣੀ ਦਾ ਭੰਡਾਰ ਘਟਣ ਜਾਂ ਖ਼ਤਮ ਹੋ ਜਾਣ ਦਾ ਹਿਸਾਬ-ਕਿਤਾਬ ਲਾ ਕੇ ਹੀ ਫ਼ਿਕਰਮੰਦ ਹਨ। ਭਾਵੇਂ ਇਹ ਫ਼ਿਕਰ ਸਹੀ ਤੇ ਸੱਚਾ ਵੀ ਹੈ ਤੇ ਉਹ ਚਾਹੁੰਦੇ ਨੇ ਕਿ ਲੋਕ ਸੰਜਮ ਨਾਲ ਪਾਣੀ ਦੀ ਵਰਤੋਂ ਕਰਨ, ਧਰਤੀ ਹੇਠੋਂ ਕੱਢੇ ਗਏ ਪਾਣੀ ਨੂੰ ਸਾਫ਼ ਕਰਕੇ ਮੁੜ ਧਰਤੀ ਵਿੱਚ ਰਚਾਉਣ ਤੇ ਮੀਂਹ ਦੇ ਪਾਣੀ ਨੂੰ ਵੱਧ ਤੋਂ ਵੱਧ ਡੈਮ ਬਣਾ ਕੇ ਰੋਕਣ ਦੀ ਲੋੜ ’ਤੇ ਵੀ ਉਹ ਜ਼ੋਰ ਦੇ ਰਹੇ ਹਨ ਅਤੇ ਅਜਿਹੇ ਕੰਮਾਂ ਲਈ ਕੀਮਤੀ ਸਲਾਹਾਂ ਦੇਣ ਦੇ ਨਾਲ-ਨਾਲ ਕੀਮਤੀ ਢੰਗ-ਤਰੀਕੇ ਵੀ ਦੱਸ ਰਹੇ ਹਨ।
ਇਸ ਤੋਂ ਅੱਗੇ ਹੋਰ ਵੀ ਕਈ ਲੋੜਾਂ ਅਤੇ ਸਮੱਸਿਆਵਾਂ ਪਾਣੀ ਦੇ ਸੰਕਟ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵੱਲ ਮਾਹਿਰਾਂ ਤੇ ਜਾਗਰੂਕ ਵਿਚਾਰਵਾਨਾਂ ਦਾ ਅਜੇ ਧਿਆਨ ਨਹੀਂ ਗਿਆ। ਇਨ੍ਹਾਂ ਲੋੜਾਂ ਤੇ ਸਮੱਸਿਆਵਾਂ ਨੂੰ ਸਾਹਮਣੇ ਰੱਖ ਕੇ ਸਾਨੂੰ ਗੰਭੀਰਤਾ ਨਾਲ ਚਿੰਤਨ ਤੇ ਫ਼ਿਕਰ ਕਰਨ ਦੀ ਲੋੜ ਹੈ।
ਧਰਤੀ ’ਤੇ ਜੀਵਨ ਦੀ ਜੋਤ ਨੂੰ ਨਿਰੰਤਰ ਜਗਦੀ ਰੱਖਣ ਵਾਸਤੇ ਕੁਦਰਤ ਨੇ ਧਰਤੀ ਦੇ ਹੇਠਾਂ ਵੀ ਤੇ ਉਪਰ ਆਸਮਾਨ ’ਚ ਵੀ ਇੱਕ ਕਲਿਆਣਕਾਰੀ ਪ੍ਰਬੰਧ ਸਥਾਪਿਤ ਕੀਤਾ ਹੋਇਆ ਹੈ। ਕੁਦਰਤ ਦੇ ਇਸ ਪ੍ਰਬੰਧ ਵਿੱਚ ਅਜੋਕੇ ਇਨਸਾਨ ਦੀ ਦਖ਼ਲਅੰਦਾਜ਼ੀ ਕਾਰਨ ਪਾਣੀ, ਭੂਮੀ ਤੇ ਹਵਾ ਲਈ ਅਨੇਕਾਂ ਨਵੇਂ ਸੰਕਟ ਉਤਪੰਨ ਹੋ ਰਹੇ ਹਨ।
ਪਾਣੀ ਨੂੰ ਵੱਡੇ ਪੱਧਰ ’ਤੇ ਧਰਤੀ ਵਿੱਚੋਂ ਬਾਹਰ ਕੱਢਣ ਨਾਲ ਧਰਤੀ ਦੇ ਗਰਭ ਵਿੱਚ ਉਤਪੰਨ ਹੋ ਰਹੇ ਖਲਾਅ ਨੂੰ ਭਰਨ ਵਾਸਤੇ ਦੂਰ-ਦੁਰਾਡੇ ਤੋਂ ਉੱਚੇ ਪਾਸਿਆਂ ਤੋਂ ਪਾਣੀਆਂ ਦੀ ਮਾਈਗ੍ਰੇਸ਼ਨ ਹੋਵੇਗੀ ਤੇ ਇਹ ਪਾਣੀ ਆਪਣੇ ਨਾਲ ਕਈ ਤਰ੍ਹਾਂ ਦੇ ਔਗੁਣ, ਜ਼ਹਿਰੀਲੇ ਤੱਤ ਤੇ ਜ਼ਹਿਰਾਂ ਲੈ ਕੇ ਆਉਣਗੇ। ਇਨ੍ਹਾਂ ਤੱਤਾਂ ਨਾਲ ਪੰਛੀਆਂ, ਜੀਵ-ਜੰਤੂਆਂ, ਬਿਰਖ-ਬੂਟਿਆਂ ਤੇ ਇਨਸਾਨਾਂ ਲਈ ਨਵੇਂ ਸੰਕਟ ਉਤਪੰਨ ਹੋਣਗੇ। ਮਾਲਵਾ ਪੱਟੀ ਵਿੱਚ ਵੱਡੇ ਪੱਧਰ ’ਤੇ ਲੋਕਾਂ ਅੰਦਰ ਕੈਂਸਰ ਫੈਲਣ ਦਾ ਕਾਰਨ ਹੁਣ ਤੱਕ ਨਰਮੇ ’ਤੇ ਜ਼ਹਿਰਾਂ ਦੇ ਸਪਰੇਅ ਨੂੰ ਮੰਨਿਆ ਗਿਆ ਹੈ, ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਰੋਗ ਤੋਂ ਪ੍ਰਭਾਵਿਤ ਇਲਾਕਿਆਂ ਦੇ ਪਾਣੀ ਦੀ ਪਰਖ ਕੀਤੀ ਗਈ ਤਾਂ ਪਤਾ ਲੱਗਿਆ ਕਿ ਰਾਜਸਥਾਨ ਤੋਂ ਪਾਣੀ ਵਿੱਚ ਆਉਣ ਵਾਲੇ ਯੂਰੇਨੀਅਮ ਕਰਕੇ ਅਤੇ ਇਹ ਪਾਣੀ ਪੀਣ ਕਰਕੇ ਮਾਲਵੇ ਦੇ ਲੋਕਾਂ ਵਿੱਚ ਕੈਂਸਰ ਦੀ ਬਿਮਾਰੀ ਵਧੀ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਲੰਮੇ ਸਮੇਂ ਤੋਂ ਪੁਲਾੜ ਵਿੱਚ ਖੋਜਾਂ ਨਾਲ ਜੁੜੀ ਹੋਈ ਹੈ ਪਰ ਕੁਝ ਸਮੇਂ ਤੋਂ ਇਸ ਏਜੰਸੀ ਨੇ ਧਰਤੀ ਅੰਦਰ ਕੁਦਰਤ ਦੇ ਪ੍ਰਬੰਧ ਤੇ ਗਤੀਵਿਧੀਆਂ ਨੂੰ ਵੀ ਆਪਣੀਆਂ ਖੋਜਾਂ ਹੇਠ ਲਿਆਂਦਾ ਹੈ। ਸਾਲ 2018 ਵਿੱਚ ਦੇਹਰਾਦੂਨ ਤੋਂ ਪ੍ਰਕਾਸ਼ਿਤ ਹੋਈ ਨਾਸਾ ਦੀ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਧਰਤੀ ਹੇਠ ਜੋ ਨੀਵੇਂ ਪਾਸਿਆਂ ਨੂੰ ਪਾਣੀਆਂ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਉਸ ਨਾਲ ਪਾਣੀ ਆਪਣੇ ਨਾਲ ਰੇਤਾ ਤੇ ਮਿੱਟੀ ਨੂੰ ਵੀ ਨੀਵੇਂ ਪਾਸਿਆਂ ਵੱਲ ਲਿਜਾ ਰਹੇ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਅਤੇ ਦਿੱਲੀ, ਨੋਇਡਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਾਣੀ ਦੇ ਨਾਲ ਰੇਤਾ ਤੇ ਮਿੱਟੀ ਨਿਕਲਣ ਨਾਲ ਹਰ ਸਾਲ ਧਰਤੀ ਵਿੱਚ ਪੰਜ ਸੈਂਟੀਮੀਟਰ ਤੱਕ ਖਲਾਅ ਉਤਪੰਨ ਹੋ ਰਿਹਾ ਹੈ। ਕੁਝ ਸਾਲਾਂ ਤੱਕ ਇਹ ਖਲਾਅ ਵਧਣ ਨਾਲ ਉੱਚੀਆਂ ਅਤੇ ਸ਼ਾਨਦਾਰ ਇਮਾਰਤਾਂ ਧਰਤੀ ਵਿੱਚ ਗਰਕ ਸਕਦੀਆਂ ਹਨ।
ਕੁਦਰਤ ਵੱਲੋਂ ਸਥਾਪਿਤ ਕੀਤਾ ਗਿਆ ਮੌਸਮ ਦਾ ਪ੍ਰਬੰਧ ਵੱਡੇ ਪੱਧਰ ’ਤੇ ਖਿਲਰਨਾ ਸ਼ੁਰੂ ਹੋ ਗਿਆ ਹੈ। ਇੱਟਾਂ ਦੇ ਭੱਠਿਆਂ, ਮਿੱਲਾਂ, ਕਾਰਖਾਨਿਆਂ, ਗੱਡੀਆਂ ਦੇ ਧੂੰਏਂ, ਐਟਮੀ ਕਚਰੇ ਤੇ ਏਸੀ ਅਤੇ ਫਰਿੱਜਾਂ ਵਿੱਚੋਂ ਨਿਕਲਦੀਆਂ ਕਾਰਬਨ ਡਾਇਆਕਸਾਈਡ ਤੇ ਸੀਐੱਫਸੀ ਵਰਗੀਆਂ ਮਾਰੂ ਗੈਸਾਂ, ਬੇਲੋੜੇ ਪਸ਼ੂਆਂ ਦੇ ਅੰਦਰੋਂ ਵੱਖ-ਵੱਖ ਅੰਗਾਂ ਰਾਹੀਂ ਨਿਕਲਣ ਵਾਲੀ ਹਵਾ ਵਿੱਚ ਰਲੀ ਮੀਥੇਨ ਗੈਸ ਅਤੇ ਖੇਤੀ ਵਿੱਚ ਰਹਿੰਦ-ਖੂੰਹ ਨੂੰ ਲਾਈ ਅੱਗ ਦੇ ਧੂੰਏਂ ਰਾਹੀਂ ਤੇਜ਼ਾਬ, ਏਅਰੋਸੋਲ ਤੇ ਕਾਰਬਨ ਆਸਮਾਨ ’ਚ ਜਾ ਕੇ ਗ੍ਰੀਨ ਹਾਊਸ ਪ੍ਰਭਾਵ ਦੇ ਰੂਪ ਵਿੱਚ ਸਦੀਆਂ ਤੱਕ ਲਈ ਸਥਿਰ ਹੋ ਜਾਂਦੇ ਹਨ।
ਗ੍ਰੀਨ ਹਾਊਸ ਪ੍ਰਭਾਵ ਦੀ ਪਰਤ ਵਿੱਚੋਂ ਲੰਘ ਕੇ ਸੂਰਜ ਦੀਆਂ ਪਰਾਬੈਂਗਣੀ ਤੇ ਮਾਰੂ ਕਿਰਨਾਂ ਨਾਲ ਧਰਤੀ ’ਤੇ ਮਾਰੂ ਗਰਮੀ ਦਾ ਤੇਜ਼ੀ ਨਾਲ ਭੰਡਾਰਨ ਹੋ ਰਿਹਾ ਹੈ। ਉੱਘੇ ਵਾਤਾਵਰਨ ਵਿਗਿਆਨੀ ਸਟੀਫਨ ਲੇਹ ਵੱਲੋਂ 16 ਜੁਲਾਈ ਨੂੰ ਜਨਤਕ ਕੀਤੀ ਗਈ ਖੋਜ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਅੰਦਰ ਅਗਲੇ ਵੀਹਾਂ ਸਾਲਾਂ ਤੱਕ 52.7 ਡਿਗਰੀ ਸੈਲਸੀਅਸ ਤੱਕ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ ਹਾਲਾਂਕਿ ਧਰਤੀ ’ਤੇ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਸਿਰਫ਼ 60 ਫ਼ੀਸਦੀ ਸੈਲਸੀਅਸ ਤਾਪਮਾਨ ਹੀ ਸਹਾਈ ਹੋ ਸਕਦਾ ਹੈ। ਅਮਰੀਕਾ ਤੋਂ ਪਹਿਲਾਂ ਏਸ਼ਿਆਈ ਤੇ ਖਾੜੀ ਦੇਸ਼ਾਂ ਅੰਦਰ ਗਰਮੀ ਨਾਲ ਮੌਸਮ ਵਿੱਚ ਭਿਆਨਕ ਗੜਬੜ ਦੀ ਸੰਭਾਵਨਾ ਹੈ। ਵੱਡੀ ਪੱਧਰ ’ਤੇ ਤਾਪਮਾਨ ਵਧਣ ਨਾਲ ਹਿਮਾਲਿਆ ਖੇਤਰ ਅਤੇ ਐਂਟਾਰਟਿਕਾ ਅੰਦਰ ਵੱਡੀ ਮਾਤਰਾ ਵਿੱਚ ਪਹਾੜਾਂ ਤੇ ਗਲੇਸ਼ੀਅਰਾਂ ਦੇ ਰੂਪ ਵਿੱਚ ਪਈਆਂ ਬਰਫ਼ਾਂ ਪਿਘਲ ਜਾਣਗੀਆਂ ਅਤੇ ਧਰਤੀ ਦੇ ਹੇਠ ਤੇ ਉੱਪਰ ਵਗਦੇ ਨਦੀਆਂ ਨਾਲੇ ਖੁਸ਼ਕ ਹੋ ਜਾਣਗੇ ਅਤੇ ਇਨ੍ਹਾਂ ਰਾਹੀਂ ਸਫ਼ਰ ਕਰ ਰਹੇ ਪਾਣੀ ਦਾ ਕਲ-ਕਲ ਕਰਦਾ ਸੰਗੀਤ ਖ਼ਾਮੋਸ਼ ਹੋ ਜਾਵੇਗਾ, ਉਦਯੋਗਾਂ ਦੀ ਧੜਕਣ ਬੰਦ ਹੋ ਜਾਵੇਗੀ ਤੇ ਵਿਸ਼ਵ ਅੰਦਰ ਹਨੇਰਾ ਛਾ ਜਾਵੇਗਾ।
ਸੰਪਰਕ: 94632-33991