For the best experience, open
https://m.punjabitribuneonline.com
on your mobile browser.
Advertisement

ਮਿਸ਼ਨ ਸੂਰਜ: ਪ੍ਰਕਾਸ਼ ਪੰਧ ’ਤੇ ਸਥਾਪਿਤ ਹੋਇਆ ਆਦਿੱਤਿਆ

07:38 AM Jan 07, 2024 IST
ਮਿਸ਼ਨ ਸੂਰਜ  ਪ੍ਰਕਾਸ਼ ਪੰਧ ’ਤੇ ਸਥਾਪਿਤ ਹੋਇਆ ਆਦਿੱਤਿਆ
Advertisement

ਬੰਗਲੂਰੂ, 6 ਜਨਵਰੀ
ਇਸਰੋ ਨੇ ਆਪਣੇ ਪੁਲਾੜ ਪ੍ਰੋਗਰਾਮ ’ਚ ਅੱਜ ਇਕ ਹੋਰ ਕਾਮਯਾਬੀ ਹਾਸਲ ਕਰਦਿਆਂ ਸੂਰਜ ਦੇ ਅਧਿਐਨ ਲਈ ਪੁਲਾੜ ਵਿੱਚ ਭੇਜਿਆ ਪਲੇਠਾ ਮਿਸ਼ਨ ਆਦਿੱਤਿਆ-ਐੱਲ1 ਪ੍ਰਕਾਸ਼ ਮੰਡਲ ਪੰਧ (ਹੇਲੋ ਔਰਬਿਟ) ’ਤੇ ਪਾ ਦਿੱਤਾ ਜੋ ਧਰਤੀ ਤੋਂ 1.5 ਮਿਲੀਅਨ (15 ਲੱਖ) ਕਿਲੋਮੀਟਰ ਦੂਰ ਹੈ। ਐੱਲ1 ਪੁਆਇੰਟ ਧਰਤੀ ਤੇ ਸੂਰਜ ਵਿਚਲੇ ਫਾਸਲੇ ਦਾ ਇਕ ਫੀਸਦ ਹੈ। ਇਕ ਉਪਗ੍ਰਹਿ ਨੂੰ ਪ੍ਰਕਾਸ਼ ਮੰਡਲ ਗ੍ਰਹਿ ਪੰਧ ’ਤੇ ਐੱਲ1 ਪੁਆਇੰਟ ਦੇ ਨਜ਼ਦੀਕ ਸਭ ਤੋਂ ਵੱਡਾ ਫਾਇਦਾ ਇਹੀ ਹੈ ਕਿ ਇਥੋਂ ਸੂਰਜ ਨੂੰ ਬਿਨਾਂ ਕਿਸੇ ਗ੍ਰਹਿਣ ਦੇ ਲਗਾਤਾਰ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਪੁਆਇੰਟ ਤੋਂ ਸੂਰਜੀ ਸਰਗਰਮੀਆਂ ਤੇ ਪੁਲਾੜੀ ਮੌਸਮ ’ਤੇ ਪੈਣ ਵਾਲੇ ਇਸ ਦੇ ਅਸਰ ਨੂੰ ਵਾਚਣ ਵਿੱਚ ਵੱਡੀ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੀ ਇਸ ਉਪਲੱਬਧੀ ਦਾ ਐਲਾਨ ਕੀਤਾ ਜੋ ਚੰਦਰਯਾਨ-3 ਦੀ ਸਫ਼ਲਤਾ ਦੇ ਕੁਝ ਮਹੀਨਿਆਂ ਮਗਰੋਂ ਹਾਸਲ ਹੋਈ ਹੈ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਪੋਸਟ ਕੀਤਾ,‘‘ਭਾਰਤ ਨੇ ਇਕ ਹੋਰ ਇਤਿਹਾਸ ਸਿਰਜ ਦਿੱਤਾ ਹੈ। ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿੱਤਿਆ-ਐੱਲ1 ਆਪਣੇ ਪੰਧ ’ਤੇ ਪਹੁੰਚ ਗਿਆ ਹੈ। ਇਹ ਸਾਡੇ ਵਿਗਿਆਨੀਆਂ ਦੇ ਸਮਰਪਣ ਦੀ ਭਾਵਨਾ ਕਾਰਨ ਸੰਭਵ ਹੋ ਸਕਿਆ ਹੈ। ਮੈਂ ਇਸ ਬੇਮਿਸਾਲ ਪ੍ਰਾਪਤੀ ਲਈ ਪੂਰੇ ਰਾਸ਼ਟਰ ਨਾਲ ਮਿਲ ਕੇ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ। ਅਸੀਂ ਮਨੁੱਖਤਾ ਦੀ ਭਲਾਈ ਲਈ ਵਿਗਿਆਨ ਦੇ ਨਵੇਂ ਮੁਹਾਜ਼ਾਂ ਵੱਲ ਕਦਮ ਵਧਾਉਣਾ ਜਾਰੀ ਰਖਾਂਗੇ।’’ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ,‘‘ਚੰਨ ਤੋਂ ਬਾਅਦ ਹੁਣ ਸੂਰਜ ’ਤੇ ਫਤਹਿ! ਭਾਰਤ ਲਈ ਇਹ ਸ਼ਾਨਾਮੱਤਾ ਸਾਲ ਰਿਹਾ ਹੈ।’’ ਆਦਿੱਤਿਆ-ਐੱਲ1 ਸਪੇਸਕ੍ਰਾਫਟ ਨੂੰ ਪਿਛਲੇ ਸਾਲ 2 ਸਤੰਬਰ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਪੀਐੱਸਐੱਲਵੀ-ਸੀ57 ਰਾਹੀਂ ਪੁਲਾੜ ’ਚ ਛੱਡਿਆ ਗਿਆ ਸੀ। ਇਹ ਪੁਲਾੜੀ ਵਾਹਨ 63 ਮਿੰਟ ਤੇ 20 ਸਕਿੰਟਾਂ ਦੀ ਉਡਾਣ ਮਗਰੋਂ ਧਰਤੀ ਦੁਆਲੇ 235X19500 ਕਿਲੋਮੀਟਰ ਦੇ ਅੰਡਾਕਾਰ ਪੰਧ ਵਿੱਚ ਸਫ਼ਲਤਾਪੂਰਵਕ ਸਥਾਪਿਤ ਹੋ ਗਿਆ ਸੀ। ਸਪੇਸਕ੍ਰਾਫਟ ਹੁਣ ਤੱਕ ਇਕ ਪੰਧ ਤੋਂ ਦੂਜੇ ਵਿੱਚ ਤਬਦੀਲੀ ਦੇ ਕਈ ਪੜਾਵਾਂ ਨੂੰ ਪੂਰਾ ਕਰ ਚੁੱਕਾ ਹੈ। -ਪੀਟੀਆਈ

Advertisement

ਰਾਸ਼ਟਰਪਤੀ ਮੁਰਮੂ ਨੇ ਇਸਰੋ ਨੂੰ ਦਿੱਤੀ ਵਧਾਈ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਆਦਿੱਤਿਆ-ਐੱਲ1 ਨੂੰ ਪ੍ਰਕਾਸ਼ ਮੰਡਲ ਪੰਧ ’ਤੇ ਸਥਾਪਿਤ ਕਰਨ ਲਈ ਇਸਰੋ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਸਫ਼ਲਤਾ ਨਾਲ ਪੂਰੀ ਮਨੁੱਖਤਾ ਨੂੰ ਲਾਭ ਹੋਵੇਗਾ। ਰਾਸ਼ਟਰਪਤੀ ਨੇ ‘ਐਕਸ’ ’ਤੇ ਪੋਸਟ ਕੀਤਾ,‘‘ਇਸਰੋ ਨੇ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਇਸ ਵੱਡੀ ਪ੍ਰਾਪਤੀ ਲਈ ਦੇਸ਼ ਦੇ ਸਾਰੇ ਵਿਗਿਆਨੀਆਂ ਨੂੰ ਵਧਾਈਆਂ। ਇਸ ਮਿਸ਼ਨ ਨਾਲ ਸੂਰਜ-ਪ੍ਰਿਥਵੀ ਪ੍ਰਣਾਲੀ ਬਾਰੇ ਸਾਡੇ ਗਿਆਨ ਵਿੱਚ ਵਾਧਾ ਹੋਵੇਗਾ ਅਤੇ ਪੂਰੀ ਮਨੁੱਖਤਾ ਨੂੰ ਇਸ ਦਾ ਲਾਭ ਮਿਲੇਗਾ।’’ ਮੁਰਮੂ ਨੇ ਕਿਹਾ ਕਿ ਇਸਰੋ ਮਿਸ਼ਨਾਂ ’ਚ ਮਹਿਲਾ ਵਿਗਿਆਨੀਆਂ ਦੀ ਅਹਿਮ ਸ਼ਮੂਲੀਅਤ ਨਾਲ ਮਹਿਲਾ ਸ਼ਕਤੀਕਰਨ ਵੀ ਨਵੀਆਂ ਪੁਲਾਘਾਂ ਪੁੱਟੇਗਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement