For the best experience, open
https://m.punjabitribuneonline.com
on your mobile browser.
Advertisement

ਮਿਸ਼ਨ ਪੰਜਾਬ: ਭਾਜਪਾ ਦੀ ਸਿਆਸੀ ਤੋਪ ਦਾ ਪੰਜਾਬ ਵੱਲ ਰੁਖ਼

07:48 AM Mar 28, 2024 IST
ਮਿਸ਼ਨ ਪੰਜਾਬ  ਭਾਜਪਾ ਦੀ ਸਿਆਸੀ ਤੋਪ ਦਾ ਪੰਜਾਬ ਵੱਲ ਰੁਖ਼
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 27 ਮਾਰਚ
ਭਾਜਪਾ ਦੇ ‘ਮਿਸ਼ਨ ਪੰਜਾਬ’ ਨੇ ਸਿਆਸੀ ਧਿਰਾਂ ’ਚ ਸਿਆਸੀ ਤੌਖਲੇ ਪੈਦਾ ਕਰ ਦਿੱਤੇ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਚੌਕੰਨੀ ਹੋ ਗਈ ਹੈ ਅਤੇ ਆਪਣੇ ਵਿਧਾਇਕਾਂ ਨੂੰ ਮੁਸਤੈਦ ਕਰ ਦਿੱਤਾ ਹੈ। ਦਿੱਲੀ ਵਿੱਚ ਅੱਜ ਜਲੰਧਰ ਤੋਂ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਲੰਘੇ ਦਿਨ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਭਾਜਪਾ ’ਚ ਸ਼ਾਮਲ ਹੋਏ ਸਨ। ਪੰਜਾਬ ਵਿਚ ਭਾਜਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ ਤੇ ਨਾਲ ਹੀ ਕਾਂਗਰਸ ਤੇ ‘ਆਪ’ ਨੂੰ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ।
ਸੂਤਰ ਦੱਸਦੇ ਹਨ ਕਿ ਭਾਜਪਾ ਨੇ ਦੂਸਰੇ ਸੂਬਿਆਂ ਵਾਂਗ ਹੁਣ ਪੰਜਾਬ ਵੱਲ ਆਪਣਾ ਰੁਖ਼ ਕਰ ਲਿਆ ਹੈ ਜਿਸ ਪਿੱਛੇ ਸਿਆਸੀ ਭੰਨਤੋੜ ਦੀ ਰਣਨੀਤੀ ਹੋ ਸਕਦੀ ਹੈ। ਲੰਘੇ ਦੋ ਦਿਨਾਂ ਦੌਰਾਨ ਕਾਂਗਰਸੀ ਤੇ ‘ਆਪ’ ਆਗੂਆਂ ਦੀ ਸ਼ਮੂਲੀਅਤ ਤੋਂ ਭਾਜਪਾ ਦੇ ਮਨਸੂਬੇ ਸਾਫ਼ ਹੋਣ ਲੱਗੇ ਹਨ। ਆਉਂਦੇ ਦਿਨਾਂ ਵਿਚ ‘ਮਿਸ਼ਨ ਪੰਜਾਬ’ ਤਹਿਤ ਭਾਜਪਾ ਆਪਣੇ ਵਿਰੋਧੀਆਂ ਨੂੰ ਹੋਰ ਹਲੂਣਾ ਦੇ ਸਕਦੀ ਹੈ। ਇਸੇ ਦੌਰਾਨ ਅੱਜ ਈਡੀ ਵੱਲੋਂ ਪੰਜਾਬ ’ਚ ਮਾਰਿਆਂ ਛਾਪਿਆਂ ਤੋਂ ਵੀ ਸੰਕੇਤ ਮਿਲਦੇ ਹਨ ਕਿ ਭਾਜਪਾ ਦੇ ਇਰਾਦੇ ਠੀਕ ਨਹੀਂ।
ਭਾਜਪਾ ਦੀ ਜਲੰਧਰ ਇਕਾਈ ਨੇ ਤਾਂ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਕਿਹਾ ਹੈ ਕਿ ‘ਆਪ’ ਵਰਕਰ ਭਾਜਪਾ ’ਚ ਸ਼ਾਮਲ ਹੋਏ ਆਗੂਆਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਨ ਜਿਨ੍ਹਾਂ ਨੂੰ ਰੋਕਿਆ ਜਾਵੇ। ਚਰਚੇ ਹਨ ਕਿ ਕਾਂਗਰਸ ’ਚੋਂ ਕੁੱਝ ਅਹਿਮ ਆਗੂ ਵੀ ਭਾਜਪਾ ’ਚ ਜਾ ਸਕਦੇ ਹਨ ਤੇ ਇਨ੍ਹਾਂ ਅਫਵਾਹਾਂ ਦੇ ਚੱਲਦਿਆਂ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੂੰ ਸਪੱਸ਼ਟ ਕਰਨਾ ਪਿਆ ਕਿ ਜੇ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਨਾ ਵੀ ਬਣਾਇਆ ਤਾਂ ਵੀ ਉਹ ਕਾਂਗਰਸ ’ਚ ਹੀ ਰਹਿਣਗੇ। ਰਵਨੀਤ ਬਿੱਟੂ ਦੀ ਭਾਜਪਾ ’ਚ ਸ਼ਮੂਲੀਅਤ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ ਜਦਕਿ ਪਹਿਲਾਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਡਾ. ਰਾਜ ਕੁਮਾਰ ਚੱਬੇਵਾਲ ‘ਆਪ’ ਦਾ ਪੱਲਾ ਫੜ੍ਹ ਚੁੱਕੇ ਹਨ। ਕਾਂਗਰਸ ਤੇ ‘ਆਪ’ ਨੇ ਭਾਜਪਾ ਦੀ ਟੇਢੀ ਨਜ਼ਰ ਨੂੰ ਤੱਕਦਿਆਂ ਆਪਣੇ ਆਗੂਆਂ ਨਾਲ ਤਾਲਮੇਲ ਵਧਾ ਦਿੱਤਾ ਹੈ।
ਦੂਸਰੀ ਤਰਫ਼ ਭਾਜਪਾ ਦੀ ਟਕਸਾਲੀ ਲੀਡਰਸ਼ਿਪ ਅੰਦਰੋ-ਅੰਦਰੀ ਇਨ੍ਹਾਂ ਦਲ ਬਦਲੂਆਂ ਤੋਂ ਔਖ ਵਿੱਚ ਤਾਂ ਹੈ ਪਰ ਕੋਈ ਬੋਲਣ ਦੀ ਜੁਰੱਅਤ ਨਹੀਂ ਦਿਖਾ ਰਿਹਾ ਹੈ। ਕਈ ਟਕਸਾਲੀ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਦੀ ਪਹਿਲੀ ਕਤਾਰ ’ਚ ਹੁਣ ਪੁਰਾਣੇ ਕਾਂਗਰਸੀ ਬੈਠੇ ਹਨ ਜਦੋਂ ਕਿ ਪਾਰਟੀ ਦੇ ਟਕਸਾਲੀ ਲੀਡਰ ਹੁਣ ਦੂਜੀ ਸਫ਼ ’ਚ ਬੈਠੇ ਹਨ। ਸੂਤਰ ਆਖਦੇ ਹਨ ਕਿ ਭਾਜਪਾ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਜਦਕਿ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਉਮੀਦਵਾਰ ਬਣਾ ਸਕਦੀ ਹੈ। ਲੁਧਿਆਣਾ ਤੋਂ ਰਵਨੀਤ ਬਿੱਟੂ ਅਤੇ ਬਠਿੰਡਾ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਲੜਾਈ ਜਾ ਸਕਦੀ ਹੈ।

Advertisement

ਬਿੱਟੂ ਦਾ ਅਧਾਰ ਖਤਮ ਹੋ ਚੁੱਕੈ: ਬਾਜਵਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁਤਾਬਕ ਕਦੇ ਕੋਈ ਸੋਚ ਨਹੀਂ ਸਕਦਾ ਸੀ ਕਿ ਕਾਂਗਰਸੀ ਟਿਕਟ ’ਤੇ ਤਿੰਨ ਵਾਰ ਐੱਮਪੀ ਬਣੇ ਰਵਨੀਤ ਬਿੱਟੂ ਇਸ ਤਰ੍ਹਾਂ ਪਾਰਟੀ ਨਾਲ ਗੱਦਾਰੀ ਕਰਨਗੇ। ਉਨ੍ਹਾਂ ਕਿਹਾ, ‘‘ਹਲਕੇ ਦੇ ਲੋਕਾਂ ਦਾ ਫੋਨ ਨਾ ਚੁੱਕਣਾ ਬਿੱਟੂ ਦੀ ਆਦਤ ਸੀ ਜਿਸ ਕਰ ਕੇ ਲੋਕਾਂ ਵਿੱਚ ਉਸ ਦਾ ਆਧਾਰ ਖੁਰ ਚੁੱਕਾ ਸੀ। ਪੰਜਾਬ ਦੇ ਲੋਕ ਗੱਦਾਰੀ ਕਰਨ ਵਾਲਿਆਂ ਨੂੰ ਕਦੇ ਮੁਆਫ਼ ਨਹੀਂ ਕਰਦੇ।’’

ਬਿੱਟੂ ਨੇ ਨਾ ਭੁੱਲਣ ਵਾਲੀ ਗੱਦਾਰੀ ਕੀਤੀ: ਰੰਧਾਵਾ

ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਨਾ ਭੁੱਲਣ ਵਾਲੀ ਗੱਦਾਰੀ ਕੀਤੀ ਹੈ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਪਿਆਰ ਕਰਨ ਵਾਲੇ ਲੋਕ ਅੱਜ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਰਵਨੀਤ ਬਿੱਟੂ ਨੂੰ ਭੁਗਤਣਾ ਪਵੇਗਾ।

Advertisement
Author Image

joginder kumar

View all posts

Advertisement
Advertisement
×