ਮਿਸ਼ਨ ਲਾਈਫ: ਯੂਨੀਵਰਸਿਟੀ ਵਿੱਚ ਨੁੱਕੜ ਨਾਟਕ ਖੇਡਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 21 ਮਾਰਚ
ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਿਤ ਵਾਤਾਵਰਨ ਸੁਸਾਇਟੀ ਵੱਲੋਂ ‘ਮਿਸ਼ਨ ਲਾਈਫ਼’ ਤਹਿਤ ਵੱਖ-ਵੱਖ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਯੂਨੀਵਰਸਿਟੀ ਕੈਂਪਸ ਵਿੱਚ ਸ਼ੁਰੂ ਕੀਤੀ ਗਈ ਲੜੀ ਵਜੋਂ ਅੱਜ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਵਾਲੇ ਘਾਹ ਦੇ ਮੈਦਾਨ ਵਿੱਚ ਨੁੱਕੜ ਨਾਟਕ ਦੀ ਪੇਸ਼ਕਾਰੀ ਕਰਵਾਈ ਗਈ। 23 ਮਾਰਚ ਤੱਕ ਹੋਰ ਨਾਟਕ ਵੀ ਕਰਵਾਏ ਜਾਣਗੇ। ਇਹ ਪੇਸ਼ਕਾਰੀਆਂ ਤਾਲਗੁਰੂ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਦੇ ਅਦਾਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਨੁੱਕੜ ਨਾਟਕ ਦੀ ਇਸ ਪੇਸ਼ਕਾਰੀ ਨੂੰ ਦੇਖਣ ਵਾਲੇ ਦਰਸ਼ਕਾਂ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੀ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁੱਦਿਆਂ ਨੂੰ ਸਮਾਜ ਤੱਕ ਲੈ ਕੇ ਜਾਣ ਲਈ ਨੁੱਕੜ ਨਾਟਕ ਬਹੁਤ ਹੀ ਵਧੀਆ ਮਾਧਿਅਮ ਹੈ। ਵਾਤਾਵਰਨ ਸੁਸਾਇਟੀ ਤੋਂ ਪ੍ਰਤੀਨਿਧੀ ਡਾ. ਉਂਕਾਰ ਸਿੰਘ ਵੜੈਚ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਵਾਤਾਵਰਨ ਸੂਚਨਾ, ਜਾਗਰੂਕਤਾ, ਸਮਰੱਥਾ ਨਿਰਮਾਣ ਅਤੇ ਆਜੀਵਿਕਾ ਪ੍ਰੋਗਰਾਮ (ਈ.ਆਈ.ਏ.ਸੀ.ਪੀ.) ਤਹਿਤ ਇਹ ਨੁੱਕੜ ਨਾਟਕ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਅਤੇ ਯੂਨੀਵਰਸਿਟੀ ਦੇ ਥੀਏਟਰ ਅਤੇ ਫਿਲਮ ਪ੍ਰੋਡਕਸ਼ਨ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ।