For the best experience, open
https://m.punjabitribuneonline.com
on your mobile browser.
Advertisement

ਮਿਸ਼ਨ-24: ਹਰ ਵਾਰ ਹਲਕਾ ਛੱਡ ਕੇ ਭੱਜਦੇ ਨੇ ਕਾਂਗਰਸੀ ਉਮੀਦਵਾਰ: ਚੰਦੂਮਾਜਰਾ

08:19 AM Apr 24, 2024 IST
ਮਿਸ਼ਨ 24  ਹਰ ਵਾਰ ਹਲਕਾ ਛੱਡ ਕੇ ਭੱਜਦੇ ਨੇ ਕਾਂਗਰਸੀ ਉਮੀਦਵਾਰ  ਚੰਦੂਮਾਜਰਾ
ਮੁਹਾਲੀ ’ਚ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 23 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੂਜੇ ਗੇੜ ਦਾ ਚੋਣ ਪ੍ਰਚਾਰ ਆਗਾਜ਼ ਕਰਦਿਆਂ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਵੀ ਨਹੀਂ ਲੱਭ ਰਹੇ ਹਨ ਜਦੋਂਕਿ ਕਾਂਗਰਸੀ ਹਰ ਵਾਰ ਹਲਕਾ ਛੱਡ ਕੇ ਭੱਜ ਜਾਂਦੇ ਹਨ। ਐਤਕੀਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਹਲਕਾ ਛੱਡ ਕੇ ਭੱਜ ਗਏ ਹਨ। ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ, ਸਮਸ਼ੇਰ ਸਿੰਘ ਦੂਲੋਂ ਸਣੇ ਹੋਰ ਕਈ ਆਗੂ ਪਿੱਠ ਦਿਖਾ ਕੇ ਭੱਜ ਚੁੱਕੇ ਹਨ।
ਮੁਹਾਲੀ ਵਿੱਚ ਆਪਣੇ ਨਿਵਾਸ ’ਤੇ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਟਕਸਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਜਸਵੰਤ ਸਿੰਘ ਭੁੱਲਰ ਤੇ ਪਰਮਜੀਤ ਸਿੰਘ ਕਾਹਲੋਂ (ਤਿੰਨੇ ਮੀਤ ਪ੍ਰਧਾਨ), ਐਸਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਪੁਰਖਾਲਵੀ, ਪੀਏਸੀ ਦੇ ਮੈਂਬਰ ਕਰਮ ਸਿੰਘ ਬਬਰਾ, ਪਰਮਜੀਤ ਸਿੰਘ ਗਿੱਲ, ਜਨਰਲ ਕੌਂਸਲ ਦੇ ਮੈਂਬਰ ਗੁਰਚਰਨ ਸਿੰਘ ਨੰਨੜਾ, ਤਰਸੇਮ ਸਿੰਘ ਗੰਧੋਂ, ਪ੍ਰੀਤਮ ਸਿੰਘ ਨੂੰ ਸਿਰੋਪੇ ਦੇ ਕੇ ਸਨਮਾਨਿਆ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਦਾ ਪਹਿਲਾ ਗੇੜ ਮੁਕੰਮਲ ਕਰਕੇ ਦੂਜੇ ਗੇੜ ਦਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ ਸਮੁੱਚੇ ਹਲਕੇ ਵਿੱਚ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਖ਼ੁਸ਼ਹਾਲੀ ਲਈ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ।
ਇਸ ਮੌਕੇ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਸਿਮਰਨਜੀਤ ਸਿੰਘ ਚੰਦੂਮਾਜਰਾ, ਸਾਬਕਾ ਕੌਂਸਲਰ ਪਰਵਿੰਦਰ ਸਿੰਘ ਤਸਿੰਬਲੀ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ।

Advertisement

ਸਿਧਾਂਤਹੀਣ ਸਿਆਸਤ ਕਰ ਰਹੀਆਂ ਨੇ ਕੌਮੀ ਪਾਰਟੀਆਂ: ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ (ਬੀਅੱੈਸ ਚਾਨਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰੀ ਪਾਰਟੀਆਂ ਮੁਲਕ ਅੰਦਰ ਸਿਧਾਂਤਹੀਣ ਰਾਜਨੀਤੀ ਕਰ ਰਹੀਆਂ ਹਨ। ਇਨ੍ਹਾਂ ਪਾਰਟੀਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਸੱਤਾ ’ਤੇ ਕਾਬਜ਼ ਕਰ ਦਿੱਤਾ ਹੈ। ਇਹ ਕਾਰਪੋਰੇਟ ਘਰਾਣੇ ਆਪਣੀਆਂ ਤਿਜੌਰੀਆਂ ਭਰਨ ਵਿੱਚ ਲੱਗੇ ਹੋਏ ਹਨ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਤੇ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਟਿਕਟ ’ਤੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸੰਸਦ ਮੈਂਬਰ ਬਣੇ ਰਵਨੀਤ ਬਿੱਟੂ ਅਤੇ ਮੁਨੀਸ਼ ਤਿਵਾੜੀ ਨੇ ਜਿੱਤਣ ਤੋਂ ਬਾਅਦ ਲੋਕਾਂ ਦੀ ਬਾਂਹ ਫੜਨ ਅਤੇ ਕੰਮ ਕਰਨ ਦੀ ਬਜਾਏ ਇਸ ਪਵਿੱਤਰ ਨਗਰੀ ਦੇ ਲੋਕਾਂ ਨੂੰ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰ ਹੁੰਦਿਆਂ 27 ਕਰੋੜ ਰੁਪਏ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਖ਼ਰਚ ਕੀਤੇ ਸਨ ਅਤੇ ਹਾਰ ਕੇ ਵੀ ਕਦੇ ਇਸ ਹਲਕੇ ਦੇ ਲੋਕਾਂ ਦਾ ਸਾਥ ਨਹੀਂ ਛੱਡਿਆ। ਇਸ ਮੌਕੇ ਉਨ੍ਹਾਂ ਨਾਲ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ, ਮੋਹਨ ਸਿੰਘ ਢਾਹੇਂ, ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।

Advertisement
Author Image

sukhwinder singh

View all posts

Advertisement
Advertisement
×