Mission 2036 Olympics: ਭਾਰਤ ਨੇ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਰਸਮੀ ਦਾਅਵਾ ਪੇਸ਼ ਕੀਤਾ
ਨਵੀਂ ਦਿੱਲੀ, 5 ਨਵੰਬਰ
ਭਾਰਤ ਨੇ 2036 ਦੀਆਂ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਕੌਮਾਂਤਰੀ ਓਲੰਪਿਕ ਕਮੇਟੀ (International Olympic Committee - IOC) ਦੇ ‘ਭਵਿੱਖੀ ਮੇਜ਼ਬਾਨ ਕਮਿਸ਼ਨ’ (Future Host Commission) ਨੂੰ ‘ਇਰਾਦਾ ਪੱਤਰ’ ਸੌਂਪਿਆ ਹੈ। ਕਈ ਮਹੀਨਿਆਂ ਬਾਅਦ ਇੱਕ ਅਭਿਲਾਸ਼ੀ ਯੋਜਨਾ ਵਿੱਚ ਪਹਿਲਾ ਠੋਸ ਕਦਮ ਚੁੱਕਦਿਆਂ ਇੱਕ ‘ਇਰਾਦਾ ਪੱਤਰ’ ('Letter of Intent') ਸੌਂਪਿਆ ਹੈ। ਇਸ ਤਰ੍ਹਾਂ ਭਾਰਤ ਨੇ ਇਸ ਬਹੁਤ ਹੀ ਅਹਿਮ ਯੋਜਨਾ ਸਬੰਧੀ ਆਈਓਸੀ ਨਾਲ ਕਈ ਮਹੀਨਿਆਂ ਦੀ ਗੈਰ-ਰਸਮੀ ਗੱਲਬਾਤ ਤੋਂ ਬਾਅਦ ਇਕ ਠੋਸ ਕਦਮ ਚੁੱਕਿਆ ਹੈ।
ਖੇਡ ਮੰਤਰਾਲੇ ਦੇ ਇੱਕ ਸੂਤਰ ਅਨੁਸਾਰ ਭਾਰਤੀ ਓਲੰਪਿਕ ਸੰਘ (Indian Olympic Association - IOA) ਨੇ ਕਮਿਸ਼ਨ ਨੂੰ ਇਹ ਪੱਤਰ 1 ਅਕਤੂਬਰ ਨੂੰ ਸੌਂਪਿਆ ਸੀ। ਸੂਤਰ ਨੇ ਕਿਹਾ ਕਿ ਜੇ ਭਾਰਤ ਨੂੰ ਖੇਡਾਂ ਦੀ ਮੇਜ਼ਬਾਨੀ ਮਿਲ ਜਾਂਦੀ ਹੈ ਤਾਂ "ਇਹ ਯਾਦਗਾਰੀ ਮੌਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੋ ਸਕਦਾ ਹੈ, ਜਿਹੜਾ ਦੇਸ਼ ਲਈ ਆਰਥਿਕ ਵਿਕਾਸ, ਸਮਾਜਿਕ ਤਰੱਕੀ ਅਤੇ ਦੇਸ਼ ਭਰ ਵਿੱਚ ਨੌਜਵਾਨ ਸ਼ਕਤੀਕਰਨ ਨੂੰ ਹੁਲਾਰਾ ਦੇ ਸਕਦਾ ਹੈ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2036 ਦੀਆਂ ਓਲੰਪਿਕਸ ਦੀ ਮੇਜ਼ਬਾਨੀ ਕਰਨ ਦੀ ਆਪਣੀ ਸਰਕਾਰ ਦੀ ਖ਼ਾਹਿਸ਼ ਦਾ ਖ਼ੁਲਾਸਾ ਪਹਿਲੀ ਵਾਰ ਬੀਤੇ ਸਾਲ ਕੀਤਾ ਸੀ। ਮੇਜ਼ਬਾਨ ਬਾਰੇ ਕੋਈ ਵੀ ਫੈਸਲਾ ਅਗਲੇ ਸਾਲ ਹੋਣ ਵਾਲੀਆਂ ਆਈਓਸੀ ਚੋਣਾਂ ਤੋਂ ਪਹਿਲਾਂ ਨਹੀਂ ਹੋ ਸਕੇਗਾ ਅਤੇ ਮੇਜ਼ਬਾਨੀ ਲਈ ਭਾਰਤ ਨੂੰ ਸਾਊਦੀ ਅਰਬ, ਕਤਰ ਅਤੇ ਤੁਰਕੀ ਵਰਗੇ ਕਈ ਹੋਰ ਮੁਲਕਾਂ ਦੇ ਮੁਕਾਬਲੇ ਦਾ ਸਾਹਮਣਾ ਵੀ ਕਰਨਾ ਪਵੇਗਾ, ਜੋ ਇਸ ਖੇਡ ਮਹਾਂਕੁੰਭ ਦੀ ਮੇਜ਼ਬਾਨੀ ਲਈ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਦੱਸ ਰਹੇ ਹਨ।
ਆਪਣਾ 'ਇਰਾਦਾ ਪੱਤਰ' ਪੇਸ਼ ਕਰ ਕੇ ਭਾਰਤ ਮੇਜ਼ਬਾਨ ਦੀ ਚੋਣ ਪ੍ਰਕਿਰਿਆ ਲਈ ‘ਗੈਰ ਰਸਮੀ ਸੰਵਾਦ’ ਵਾਲੇ ਮੁਲਕ ਤੋਂ ਅੱਗੇ ਵਧ ਕੇ ‘ਲਗਾਤਾਰ ਸੰਵਾਦ’ ਵਾਲੇ ਪੜਾਅ ’ਚ ਚਲਾ ਗਿਆ ਹੈ। ਇਸ ਪੜਾਅ ਵਿੱਚ IOC ਵੱਲੋਂ ਸੰਭਾਵੀ ਮੇਜ਼ਬਾਨ ਮੁਲਕ ਵਿੱਚ ਖੇਡਾਂ ਨਾਲ ਜੁੜੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ‘ਵਿਹਾਰਕਤਾ ਦਾ ਅਧਿਐਨ’ ਕੀਤਾ ਜਾਂਦਾ ਹੈ।
ਭਾਰਤ ਦੀ ਯੋਜਨਾ ਨੂੰ ਮੌਜੂਦਾ ਆਈਓਸੀ ਮੁਖੀ ਥਾਮਸ ਬਾਕ ਨੇ ਸਮਰਥਨ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਜਿਸ ਵੱਡੇ ਖੇਡ ਮੇਲੇ ਦੀ ਮੇਜ਼ਬਾਨੀ ਕੀਤੀ ਸੀ, ਉਹ ਸੀ ਨਵੀਂ ਦਿੱਲੀ ਵਿਚ ਹੋਈਆਂ 2010 ਦੀਆਂ ਰਾਸ਼ਟਰਮੰਡਲ ਖੇਡਾਂ। ਪਰ 2036 ਓਲੰਪਿਕਸ ਲਈ ਭਾਰਤ ਵੱਲੋਂ ਮੇਜ਼ਬਾਨ ਸ਼ਹਿਰ ਦੀ ਦੌੜ ਵਿਚ ਅਹਿਮਦਾਬਾਦ ਨੂੰ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ।
ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਸਮੇਤ ਭਾਰਤ ਦੇ ਚੋਟੀ ਦੇ ਖੇਡ ਪ੍ਰਸ਼ਾਸਕ ਇਸ ਸਾਲ ਦੇ ਸ਼ੁਰੂ ਵਿੱਚ ਪੈਰਿਸ ਓਲੰਪਿਕਸ ਵਿੱਚ ਦੇਸ਼ ਲਈ ਲਾਬਿੰਗ ਕਰਨ ਲਈ ਸਰਗਰਮ ਰਹੇ ਸਨ। ਇਹ ਵੀ ਪਤਾ ਲੱਗਾ ਹੈ ਕਿ ਜੇ ਭਾਰਤ ਦੀ ਮੁਹਿੰਮ ਸਫਲ ਹੁੰਦੀ ਹੈ ਤਾਂ ਭਾਰਤ ਯੋਗ, ਖੋ-ਖੋ ਅਤੇ ਕਬੱਡੀ ਵਰਗੀਆਂ ਦੇਸੀ ਖੇਡਾਂ ਨੂੰ ਵੀ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਨ ਲਈ ਜ਼ੋਰ ਦੇਵੇਗਾ। ਪੀਟੀਆਈ