For the best experience, open
https://m.punjabitribuneonline.com
on your mobile browser.
Advertisement

ਮਿਸ਼ਨ-2024: ਅਕਾਲੀ ਦਲ ਤੇ ‘ਆਪ’ ਨੇ ਸਿੱਖ ਚਿਹਰੇ ਉਤਾਰੇ

07:21 AM Apr 29, 2024 IST
ਮਿਸ਼ਨ 2024  ਅਕਾਲੀ ਦਲ ਤੇ ‘ਆਪ’ ਨੇ ਸਿੱਖ ਚਿਹਰੇ ਉਤਾਰੇ
ਪ੍ਰੇਮ ਸਿੰਘ ਚੰਦੂਮਾਜਰਾ, ਮਾਲਵਿੰਦਰ ਸਿੰਘ ਕੰਗ, ਵਿਜੈਇੰਦਰ ਸਿੰਗਲਾ, ਰਾਣਾ ਕੇਪੀ ਸਿੰਘ, ਸੁਭਾਸ਼ ਸ਼ਰਮਾ।
Advertisement

ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 28 ਅਪਰੈਲ
ਪੰਜਾਬ ਵਿੱਚ ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਪੰਥਕ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਨੇ ਸਿੱਖ ਚਿਹਰੇ ਮੈਦਾਨ ’ਚ ਉਤਾਰੇ ਹਨ। ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਪੁਰਾਣੇ ਖਿਡਾਰੀ ਹਨ ਜਦੋਂਕਿ ‘ਆਪ’ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਪਹਿਲੀ ਵਾਰ ਚੋਣ ਲੜ ਰਹੇ ਹਨ। ਦੋਵੇਂ ਹੀ ਉਮੀਦਵਾਰ ਚੋਣ ਪ੍ਰਚਾਰ ਵਿੱਚ ਸਭ ਤੋਂ ਮੋਹਰੀ ਹਨ। ਜੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਚੋਣ ਲੜਦੇ ਹਨ ਤਾਂ ਉਹ ਵੀ ਸਿੱਖ ਚਿਹਰਾ ਹੋਣਗੇ।
ਉਧਰ, ਭਾਜਪਾ ਅਤੇ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨਾਂ ਦੀ ਸੂਚੀ ਜਿੱਥੇ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ, ਉੱਥੇ ਦੋਵੇਂ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਤੋਂ ਪੱਛੜਦੀਆਂ ਜਾ ਰਹੀਆਂ ਹਨ। ਅਕਾਲੀ ਦਲ ਅਤੇ ‘ਆਪ’ ਖ਼ਿਲਾਫ਼ ਭਾਜਪਾ ਅਤੇ ਕਾਂਗਰਸ ਇੱਥੋਂ ਹਿੰਦੂ ਚਿਹਰੇ ’ਤੇ ਦਾਅ ਖੇਡਣ ਦੇ ਰੌਂਅ ’ਚ ਹਨ। ਉਂਜ ਇਨ੍ਹਾਂ ਦੋਵੇਂ ਪਾਰਟੀਆਂ ਕੋਲ ਸਿੱਖ ਚਿਹਰੇ ਮੌਜੂਦ ਹਨ। ਸ੍ਰੀ ਰਾਮ ਮੰਦਰ ਨਿਰਮਾਣ ਦੀ ਸਫਲਤਾ ਤੋਂ ਬਾਗ਼ੋ-ਬਾਗ਼ ਭਾਜਪਾ ਹਿੰਦੂ ਪੱਤਾ ਖੇਡ ਸਕਦੀ ਹੈ। ਹਾਲਾਂਕਿ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪਰਿਵਾਰ ਸਮੇਤ ਸੁਖਵਿੰਦਰ ਸਿੰਘ ਗੋਲਡੀ ਵੀ ਕਾਫ਼ੀ ਆਸਵੰਦ ਹਨ ਪਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੂੰ ਟਿਕਟ ਮਿਲਣਾ ਲਗਪਗ ਤੈਅ ਹੈ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਸਮੇਤ ਮਹਿਲਾ ਆਗੂ ਲਖਵਿੰਦਰ ਕੌਰ ਗਰਚਾ ਅਤੇ ਉੱਘੇ ਕਾਰੋਬਾਰੀ ਰਮਦੀਪ ਕੌਰ ਵੀ ਚੋਣ ਲੜਨ ਦੇ ਚਾਹਵਾਨ ਹਨ।
ਸੂਤਰਾਂ ਅਨੁਸਾਰ ਕਾਂਗਰਸ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਜਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਉਂਜ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਤੇ ਕੁਲਜੀਤ ਸਿੰਘ ਨਾਗਰਾ ਵੀ ਟਿਕਟ ਦੀ ਦੌੜ ਵਿੱਚ ਸ਼ਾਮਲ ਹਨ। ਭਲਕੇ 29 ਅਪਰੈਲ ਨੂੰ ਹਾਈ ਕਮਾਨ ਦੀ ਮੀਟਿੰਗ ਹੋਣ ਜਾ ਰਹੀ ਹੈ ਅਤੇ ਅਗਲੇ ਇੱਕ ਦੋ ਦਿਨਾਂ ਵਿੱਚ ਉਮੀਦਵਾਰ ਦਾ ਐਲਾਨ ਹੋ ਸਕਦਾ ਹੈ।

Advertisement

ਬਲਬੀਰ ਸਿੱਧੂ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਤਾਰਨ ’ਤੇ ਜ਼ੋਰ


ਐੱਸ.ਏ.ਐੱਸ. ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਮੁਹਾਲੀ ਹਲਕੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਜਾਵੇ। ਉਨ੍ਹਾਂ ਟਿਕਟ ਦਾ ਐਲਾਨ ਵੀ ਤੁਰੰਤ ਕਰਨ ਦੀ ਮੰਗ ਕੀਤੀ। ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਪਰਿਸ਼ਦ ਮੈਂਬਰ ਠੇਕੇਦਾਰ ਮੋਹਣ ਸਿੰਘ ਬਠਲਾਣਾ, ਚੌਧਰੀ ਹਰਨੇਕ ਸਿੰਘ ਸਨੇਟਾ, ਚੌਧਰੀ ਰਿਸ਼ੀ ਪਾਲ, ਚੌਧਰੀ ਦੀਪ ਚੰਦ ਗੋਬਿੰਦਗੜ੍ਹ, ਮਨਜੀਤ ਸਿੰਘ ਤੰਗੌਰੀ, ਹਰਪਾਲ ਸਿੰਘ ਦੁਰਾਲੀ, ਜ਼ੋਰਾ ਸਿੰਘ ਮਨੌਲੀ, ਟਹਿਲ ਸਿੰਘ ਮਾਣਕਪੁਰ, ਸ਼ੇਰ ਸਿੰਘ ਦੈੜੀ ਆਦਿ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਹੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਦੀ ਸੀਟ ਜਿੱਤ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਦੀ ਸਮੁੱਚੇ ਹਲਕੇ ਵਿੱਚ ਜਾਣ-ਪਛਾਣ ਹੈ ਅਤੇ ਉਹ ਉਨ੍ਹਾਂ ਦੀ ਮੁਹਾਲੀ, ਖਰੜ, ਚਮਕੌਰ ਸਾਹਿਬ ਅਤੇ ਰੂਪਨਗਰ ਆਦਿ ਵਿੱਚ ਵੱਡਾ ਲੋਕ ਆਧਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਇੱਥੋਂ ਸ੍ਰੀ ਸਿੱਧੂ ਨੂੰ ਹੀ ਉਮੀਦਵਾਰ ਬਣਾਉਣਾ ਚਾਹੀਦਾ ਹੈ ਤੇ ਕੋਈ ਵੀ ਬਾਹਰੀ ਉਮੀਦਵਾਰ ਇੱਥੇ ਨਹੀਂ ਭੇਜਣਾ ਚਾਹੀਦਾ। ਕਾਂਗਰਸੀ ਕਾਰਕੁਨਾਂ ਨੇ ਇਹ ਮੰਗ ਵੀ ਕੀਤੀ ਕਿ ਪਾਰਟੀ ਦਾ ਉਮੀਦਵਾਰ ਤੁਰੰਤ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਟਿਕਟ ਐਲਾਨਣ ਵਿੱਚ ਕੀਤੀ ਜਾ ਰਹੀ ਦੇਰੀ ਪਾਰਟੀ ਲਈ ਨੁਕਸਾਨਦੇਹ ਹੋ ਸਕਦੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਇੱਥੋਂ ਕਦੋਂ ਦੇ ਉਮੀਦਵਾਰ ਐਲਾਨ ਚੁੱਕੀਆਂ ਹਨ। ਕਾਂਗਰਸੀ ਆਗੂਆਂ ਨੇ ਆਖਿਆ ਕਿ ਪਾਰਟੀ ਹਾਈਕਮਾਂਡ ਹਲਕੇ ਦੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਟਿਕਟ ਦਾ ਫ਼ੈਸਲਾ ਕਰੇ। ਉਧਰ, ਕਾਂਗਰਸ ਵੱਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਏ ਜਾਣ ਦੀ ਇਸ ਖੇਤਰ ਵਿੱਚ ਅੱਜ ਵੱਡੇ ਪੱਧਰ ’ਤੇ ਚਰਚਾ ਚੱਲਦੀ ਰਹੀ। ਸੋਸ਼ਲ ਮੀਡੀਆ ’ਤੇ ਵੀ ਸ੍ਰੀ ਸਿੰਗਲਾ ਦਾ ਨਾਮ ਗੂੰਜਦਾ ਰਿਹਾ ਕਿ ਉਨ੍ਹਾਂ ਦੀ ਟਿਕਟ ਪੱਕੀ ਹੋ ਚੁੱਕੀ ਹੈ। ਪਾਰਟੀ ਦੇ ਟਿਕਟਾਂ ਦੇ ਦਾਅਵੇਦਾਰ ਕੁੱਝ ਆਗੂਆਂ ਨਾਲ ਜਦੋਂ ਇਸ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਟਿਕਟ ਦਾ ਐਲਾਨ ਹੋਣ ਮਗਰੋਂ ਹੀ ਸਾਰਾ ਕੁੱਝ ਸਾਹਮਣੇ ਆਵੇਗਾ।

Advertisement
Author Image

Advertisement
Advertisement
×