ਮਾਲਖਾਨੇ ਵਿੱਚੋਂ ਗਾਇਬ ਹੋਏ ਹਥਿਆਰਾਂ ਦੀ ਨਹੀਂ ਲੱਗੀ ਉੱਘ-ਸੁੱਘ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 31 ਮਾਰਚ
ਥਾਣਾ ਕਰਤਾਰਪੁਰ ਦੇ ਮਾਲਖਾਨੇ ਵਿੱਚੋਂ ਪਿਛਲੀਆਂ ਪੰਚਾਇਤੀ ਚੋਣਾਂ ਮੌਕੇ ਨੇੜਲੇ ਪਿੰਡ ਕੁੱਦੋਵਾਲ ਦੇ ਇੱਕ ਵਿਅਕਤੀ ਵੱਲੋਂ ਜਮ੍ਹਾਂ ਕਰਾਇਆ ਰਿਵਾਲਵਰ ਚੋਰੀ ਹੋ ਗਿਆ ਸੀ, ਜੋ ਕਿ ਹਾਲੇ ਤੱਕ ਪੁਲੀਸ ਵੱਲੋਂ ਬਰਾਮਦ ਨਹੀਂ ਕੀਤਾ ਜਾ ਸਕਿਆ। ਇਸ ਸਬੰਧੀ ਤਤਕਾਲੀ ਮੁਣਛੀ ਤੇ ਮਾਮਲਾ ਵੀ ਦਰਜ ਕੀਤਾ ਹੋਇਆ ਸੀ। ਇਸ ਕਾਰਨ ਲੋਕ ਸਭਾ ਚੋਣਾਂ ਮੌਕੇ ਹਥਿਆਰ ਜਮ੍ਹਾਂ ਕਰਾਉਣ ਦੇ ਆਦੇਸ਼ ਦੇ ਬਾਵਜੂਦ ਹਾਲੇ ਤੱਕ ਥਾਣਾ ਕਰਤਾਰਪੁਰ ਅਧੀਨ ਹਲਕੇ ਦੇ ਵਿਅਕਤੀਆਂ ਵੱਲੋਂ ਹਥਿਆਰ ਜਮ੍ਹਾਂ ਕਰਾਉਣ ਦੀ ਬਜਾਏ ਅਸਲਾ ਡੀਲਰਾਂ ਪਾਸ ਹਥਿਆਰ ਜਮ੍ਹਾਂ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕੁੱਦੋਵਾਲ ਦੇ ਬਲਵੀਰ ਸਿੰਘ ਨੇ ਪੰਚਾਇਤੀ ਚੋਣਾਂ ਮੌਕੇ ਆਪਣੇ ਦੋ ਲਾਈਸੈਂਸੀ ਹਥਿਆਰ 12 ਬੋਰ ਬੰਦੂਕ ਅਤੇ 32 ਬੋਰ ਦਾ ਰਿਵਾਲਵਰ ਥਾਣਾ ਕਰਤਾਰਪੁਰ ਵਿੱਚ ਜਮ੍ਹਾਂ ਕਰਵਾਏ ਸਨ। ਚੋਣਾਂ ਉਪਰੰਤ ਆਪਣੇ ਹਥਿਆਰ ਵਾਪਸ ਲੈਣ ਗਏ ਬਲਵੀਰ ਸਿੰਘ ਨੂੰ ਤਤਕਾਲੀ ਮੁਨਸ਼ੀ ਨੇ ਟਾਲ ਮਟੋਲ ਕਰਦਿਆਂ 12 ਬੋਰ ਦੀ ਬੰਦੂਕ ਵਾਪਸ ਦੇ ਦਿੱਤੀ ਤੇ ਰਿਵਾਲਵਰ ਨਾ ਮਿਲਣ ਬਾਰੇ ਕਹਿ ਕੇ ਵਾਪਸ ਭੇਜ ਦਿੱਤਾ ਸੀ। ਥਾਣਾ ਕਰਤਾਰਪੁਰ ਵਿੱਚੋਂ ਹਥਿਆਰ ਵਾਪਸ ਨਾ ਮਿਲਣ ਦੀ ਸ਼ਿਕਾਇਤ ਉਨ੍ਹਾਂ ਉਸ ਵਕਤ ਦੇ ਥਾਣਾ ਮੁਖੀ ਨੂੰ ਕੀਤੀ ਸੀ। ਪੁਲੀਸ ਅਧਿਕਾਰੀਆਂ ਨੇ ਥਾਣੇ ਦੇ ਮਾਲਖਾਨੇ ਵਿੱਚ ਉਹ ਹਥਿਆਰ ਗੁਆਚਣ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਕੀਤੀ ਜਾਂਚ ਉਪਰੰਤ ਤਤਕਾਲੀ ਮੁਨਸ਼ੀ ਕੁਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਸਬੰਧੀ ਲੰਮਾ ਸਮਾਂ ਬੀਤਣ ਉਪਰੰਤ ਵੀ ਥਾਣਾ ਕਰਤਾਰਪੁਰ ਦੇ ਮਾਲਖਾਨੇ ਵਿੱਚੋਂ ਗੁੰਮ ਹੋਇਆ ਰਿਵਾਲਵਰ ਹਾਲੇ ਤੱਕ ਬਰਾਮਦ ਨਹੀਂ ਹੋ ਸਕਿਆ। ਥਾਣਾ ਕਰਤਾਰਪੁਰ ਵਿੱਚੋਂ ਹਥਿਆਰ ਚੋਰੀ ਹੋਣ ਦਾ ਇੱਕ ਹੋਰ ਮਾਮਲਾ ਸਾਲ 2016 ਵਿੱਚ ਵਾਪਰਿਆ ਸੀ। ਇੱਥੇ ਮਾਲਖਾਨੇ ਵਿੱਚੋਂ ਹੁਣ ਤੱਕ ਪੰਜਾਬ ਪੁਲੀਸ ਨੂੰ ਦਿੱਤੀ ਜਾਣ ਵਾਲੀ ਅਤਿ ਆਧੁਨਿਕ ਰਾਈਫਲ ਏਕੇ 47 ਚੋਰੀ ਹੋ ਗਈ ਸੀ। ਇਸ ਦੀ ਵਿਭਾਗੀ ਜਾਂਚ ਉਪਰੰਤ ਤਤਕਾਲੀ ਥਾਣਾ ਮੁਖੀ ਅਤੇ ਮੁਨਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਥਾਣੇ ਦੇ ਮਾਲਖਾਨੇ ਵਿੱਚੋਂ ਹਥਿਆਰ ਚੋਰੀ ਹੋਣ ਦਾ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਰਿਵਾਲਵਰ ਚੋਰੀ ਹੋਣ ਸਬੰਧੀ ਮਾਮਲਾ ਦਰਜ ਕੀਤਾ ਹੋਇਆ ਹੈ ਤੇ ਪੁਲੀਸ ਬਰਾਮਦਗੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਉਨ੍ਹਾਂ ਸਬ ਡਿਵੀਜ਼ਨ ਕਰਤਾਰਪੁਰ ਅਧੀਨ ਆਉਂਦੇ ਥਾਣਾ ਲਾਂਬੜਾ ਮਕਸੂਦਾਂ ਅਤੇ ਕਰਤਾਰਪੁਰ ਦੇ ਪਿੰਡਾਂ ਵਿੱਚ ਅਸਲਾ ਧਾਰਕਾਂ ਨੂੰ ਸਮਾਂ ਰਹਿੰਦਿਆਂ ਆਪਣਾ ਅਸਲਾ ਜਮ੍ਹਾਂ ਕਰਵਾ ਦੇਣ ਦੀ ਅਪੀਲ ਕੀਤੀ ਹੈ।