ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਲਾਪਤਾ’ ਹੇਮੰਤ ਸੋਰੇਨ ਰਾਂਚੀ ਪੁੱਜਾ, ਈਡੀ ਅੱਜ ਕਰੇਗੀ ਪੁੱਛ-ਪੜਤਾਲ

07:12 AM Jan 31, 2024 IST
ਮੁੱਖ ਮੰਤਰੀ ਹੇਮੰਤ ਸੋਰੇਨ ਰਾਂਚੀ ਵਿੱਚ ਮਹਾਤਮਾ ਗਾਂਧੀ ਨੂੰੂ ਸ਼ਰਧਾਂਜਲੀ ਭੇਟ ਕਰਨ ਮਗਰੋਂ ਸਮਰਥਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ/ਰਾਂਚੀ, 30 ਜਨਵਰੀ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਪਿਛਲੇ 24 ਘੰਟਿਆਂ ਦੌਰਾਨ ‘ਲਾਪਤਾ’ ਰਹਿਣ ਮਗਰੋੋਂ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਰਾਂਚੀ ਸਥਿਤ ਆਪਣੀ ਸਰਕਾਰੀ ਰਿਹਾਇਸ਼ ’ਤੇ ਪੁੱਜ ਗਏ ਹਨ। ਉਨ੍ਹਾਂ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਵਿਧਾਇਕਾਂ ਤੇ ਮੰਤਰੀਆਂ ਨਾਲ ਬੈਠਕ ਕੀਤੀ ਤੇ ਇਸ ਮੌਕੇ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਵੀ ਮੌਜੂਦ ਸੀ। ਉਧਰ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਨੂੰ ਲੈ ਕੇ ਬੁੱਧਵਾਰ ਨੂੰ ਰਾਂਚੀ ਵਿੱਚ ਮੁੱਖ ਮੰਤਰੀ ਸੋਰੇਨ ਤੋਂ ਪੁੱਛ-ਪੜਤਾਲ ਕਰੇਗਾ। ਅਧਿਕਾਰਤ ਸੂਤਰਾਂ ਮੁਤਾਬਕ ਈਡੀ ਦੀ ਟੀਮ ਨੇ ਸੋਰੇਨ ਦੀ ਨਵੀਂ ਦਿੱਲੀ ਵਿਚਲੀ ਰਿਹਾਇਸ਼ ’ਤੇ ਸੋਮਵਾਰ ਨੂੰ ਮਾਰੇ ਛਾਪੇ ਦੌਰਾਨ 36 ਲੱਖ ਰੁਪਏ ਦੀ ਨਗ਼ਦੀ, ਬੀਐੱਮਡਬਲਿਊ ਐੱਸਯੂਵੀ ਤੇ ਕੁਝ ‘ਅਹਿਮ’ ਦਸਤਾਵੇਜ਼ ਕਬਜ਼ੇ ਵਿਚ ਲਏ ਹਨ। ਭਾਜਪਾ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਈਡੀ ਦੀ ਕਾਰਵਾਈ ਦੇ ਡਰੋਂ ‘ਫ਼ਰਾਰ’ ਹੋ ਗਏ ਹਨ।
ਸੂਤਰਾਂ ਨੇ ਕਿਹਾ ਕਿ ਈਡੀ ਨੇ ਸੂਬਾਈ ਅਥਾਰਿਟੀਜ਼ ਤੇ ਕੇਂਦਰੀ ਸੁਰੱਖਿਆ ਬਲਾਂ ਨੂੰ ਆਪਣੀ ਟੀਮ ਦੀ ਬਣਤਰ ਬਾਰੇ ਦੱਸ ਦਿੱਤਾ ਹੈ। ਇਹ ਟੀਮ 31 ਜਨਵਰੀ ਨੂੰ ਬਾਅਦ ਦੁਪਹਿਰ ਇਕ ਵਜੇ ਤੋਂ ਪਹਿਲਾਂ ਰਾਂਚੀ ਸਥਿਤ ਸੋਰੇਨ ਦੀ ਰਿਹਾਇਸ਼ ਵਿਚਲੇ ਕੈਂਪ ਦਫ਼ਤਰ ਵਿੱਚ ਜਾ ਕੇ ਮੁੱਖ ਮੰਤਰੀ ਤੋਂ ਪੁੱਛ-ਪੜਤਾਲ ਕਰੇਗੀ। ਸੂਤਰਾਂ ਨੇ ਕਿਹਾ ਕਿ ਸਵਾਲਾਂ ਦਾ ਸਿਲਸਿਲਾ ਉਥੋਂ ਹੀ ਸ਼ੁਰੂ ਕੀਤਾ ਜਾਵੇਗਾ ਜਿੱਥੋਂ 20 ਜਨਵਰੀ ਨੂੰ ਖ਼ਤਮ ਹੋਇਆ ਸੀ। ਕਾਬਿਲੇਗੌਰ ਹੈ ਕਿ ਸੰਘੀ ਜਾਂਚ ਏਜੰਸੀ ਨੇ ਸੋਮਵਾਰ ਨੂੰ ਸੋਰੇਨ ਦੀ ਦੱਖਣੀ ਦਿੱਲੀ ਵਿਚਲੀ 5/1 ਸ਼ਾਂਤੀ ਨਿਕੇਤਨ ਇਮਾਰਤ ਵਿਚਲੀ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਛਾਪੇ ਮੌਕੇ ਸੋਰੇਨ ਭਾਵੇਂ ਨਹੀਂ ਮਿਲੇ ਪਰ ਈਡੀ ਦੀ ਟੀਮ ਨੇ ਲਗਪਗ 13 ਘੰਟੇ ਤੱਕ ਉਥੇ ਡੇਰਾ ਲਾਈ ਰੱਖਿਆ। ਸੂਤਰਾਂ ਨੇ ਕਿਹਾ ਕਿ ਈਡੀ ਦੀਆਂ ਟੀਮਾਂ ਨੇ ਉਥੋਂ 36 ਲੱਖ ਦੀ ਨਗ਼ਦੀ, ਹਰਿਆਣਾ ਦੇ ਨੰਬਰ ਵਾਲੀ ਬੀਐੱਮਡਬਲਿਊ ਐੱਸਯੂਵੀ ਤੇ ਕੁਝ ‘ਅਹਿਮ’ ਦਸਤਾਵੇਜ਼ ਕਬਜ਼ੇ ਵਿੱਚ ਲਏ ਹਨ। ਉਧਰ ਸੋਰੇਨ ਨੇੜਲੇ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਏਜੰਸੀ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਉਹ ਬੁੱਧਵਾਰ ਨੂੰ ਰਾਂਚੀ ਸਥਿਤ ਆਪਣੀ ਰਿਹਾਇਸ਼ ’ਤੇ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਈਡੀ ਅੱਗੇ ਪੇਸ਼ ਹੋਣ ਲਈ ਤਿਆਰ ਹਨ। ਇਸ ਦੌਰਾਨ ਰਾਂਚੀ ਦੀ ਬਾਪੂ ਵਾਟਿਕਾ ਵਿਚ ਪੱਤਰਕਾਰਾਂ ਨੇ ਸੋਰੇਨ ਨੂੰ ਜਦੋਂ ਉਨ੍ਹਾਂ ਦੀ ‘ਗੈਰਮੌਜੂਦਗੀ’ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਮੈਂ ਤੁਹਾਡੇ ਦਿਲਾਂ ਵਿੱਚ ਰਹਿੰਦਾ ਹਾਂ।’’ ਸੋਰੇਨ 27 ਜਨਵਰੀ ਦੀ ਰਾਤ ਨੂੰ ਨਵੀਂ ਦਿੱਲੀ ਲਈ ਰਵਾਨਾ ਹੋਏ ਸਨ, ਪਰ ਸੋਮਵਾਰ ਨੂੰ ਦਿੱਲੀ ਸਥਿਤ ਰਿਹਾਇਸ਼ ’ਤੇ ਈਡੀ ਦੇ ਛਾਪੇ ਮੌਕੇ ਸੋਰੇਨ ਉਥੇ ਨਹੀਂ ਮਿਲੇ। ਸੋਰੇਨ ਦੇ ਥਹੁ-ਪਤੇ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਸਨ। ਇਨ੍ਹਾਂ ਕਿਆਸਾਂ ਦਰਮਿਆਨ ਹੀ ਮੁੱਖ ਮੰਤਰੀ ਸੋਰੇਨ ਸੋਮਵਾਰ ਦੇਰ ਰਾਤ ਰਾਂਚੀ ਪੁੱਜ ਗਏ। ਸੋਰੇਨ ਨੇ ਆਪਣੀ ਰਿਹਾਇਸ਼ ’ਤੇ ਵਿਧਾਇਕਾਂ ਤੇ ਮੰਤਰੀਆਂ ਨਾਲ ਕੀਤੀ ਬੈਠਕ ਦੌਰਾਨ ਆਪਣੇ ਸਾਰੇ ਵਿਧਾਇਕਾਂ ਨੂੰ ਸੂਬਾਈ ਰਾਜਧਾਨੀ ਵਿੱਚ ਹੀ ਰਹਿਣ ਲਈ ਕਿਹਾ ਹੈ। ਈਡੀ ਜ਼ਮੀਨ ਘੁਟਾਲੇ ਦੇ ਸਬੰਧ ਵਿਚ ਹੁਣ ਤੱਕ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ 2011 ਬੈਚ ਦਾ ਆਈਏਐੱਸ ਅਧਿਕਾਰੀ ਛਾਵੀ ਰੰਜਨ ਵੀ ਸ਼ਾਮਲ ਹੈ। ਇਸ ਦੌਰਾਨ ਜੇਐੱਮਐੱਮ ਦੇ ਤਰਜਮਾਨ ਸੁਪ੍ਰੀਓ ਭੱਟਾਚਾਰੀਆ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਹੇਮੰਤ ਸੋਰੇਨ ਖੁ਼ਦ ਆਪਣੇ ਬਿਆਨ ਦਰਜ ਕਰਵਾਉਣ ਲਈ ਈਡੀ ਨੂੰ 31 ਜਨਵਰੀ ਲਈ ਸੱਦਾ ਦੇ ਚੁੱਕੇ ਹਨ ਤਾਂ ਫਿਰ ਸੰਘੀ ਜਾਂਚ ਏਜੰਸੀ ਵੱਲੋਂ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਜਾਣ ਦੀ ਕੀ ਤੁੱਕ ਹੈ? ਉਨ੍ਹਾਂ ਕਿਹਾ, ‘‘ਏਜੰਸੀ ਵੱਲੋਂ ਛਾਪੇ ਦੌਰਾਨ 36 ਲੱਖ ਰੁਪਏ ਦੀ ਨਗ਼ਦੀ ਮਿਲਣ ਦਾ ਦਾਅਵਾ ‘ਕਿਤੇ ਈਡੀ ਤੇ ਬਾਬੂਲਾਲ (ਮਰਾਂਡੀ) ਜੀ ਦੀ ਯੋਜਨਾ ਤਾਂ ਨਹੀਂ? ਉਹ ਸੋਰੇਨ ਨਾਲ ਅਪਰਾਧੀਆਂ ਵਾਲਾ ਵਿਹਾਰ ਕਰ ਰਹੇ ਹਨ, ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਮੁੱਖ ਮੰਤਰੀ ਹੇਮੰਤ ਸੋਰੇਨ ਕਿਸੇ ਤੋਂ ਨਹੀਂ ਡਰਦੇ।’’ -ਪੀਟੀਆਈ

Advertisement

Advertisement