For the best experience, open
https://m.punjabitribuneonline.com
on your mobile browser.
Advertisement

ਅੰਬਾਲਾ ਤੋਂ ਲਾਪਤਾ ਵਿਦਿਆਰਥਣਾਂ ਅੰਮ੍ਰਿਤਸਰ ਤੋਂ ਮਿਲੀਆਂ

08:52 AM Sep 22, 2024 IST
ਅੰਬਾਲਾ ਤੋਂ ਲਾਪਤਾ ਵਿਦਿਆਰਥਣਾਂ ਅੰਮ੍ਰਿਤਸਰ ਤੋਂ ਮਿਲੀਆਂ
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 21 ਸਤੰਬਰ
ਅੰਬਾਲਾ ਸ਼ਹਿਰ ਦੇ ਬਲਦੇਵ ਨਗਰ ਦੇ ਇੱਕ ਸਕੂਲ ਦੀਆਂ ਚਾਰ ਲਾਪਤਾ ਵਿਦਿਆਰਥਣਾਂ ਅੱਜ ਅੰਮ੍ਰਿਤਸਰ ਤੋਂ ਮਿਲ ਗਈਆਂ ਹਨ। ਇਨ੍ਹਾਂ ਚਾਰੋਂ ਲੜਕੀਆਂ ਨੂੰ ਸੀਆਈਏ ਦੀ ਟੀਮ ਦੁਪਹਿਰ ਵੇਲੇ ਅੰਬਾਲਾ ਲੈ ਕੇ ਆਈ। ਇਹ ਮਾਮਲਾ ਕੱਲ੍ਹ ਸਾਹਮਣੇ ਆਇਆ ਸੀ ਜਦੋਂ ਇਕ ਸਕੂਲ ਦੀਆਂ 8ਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਲਾਪਤਾ ਹੋ ਗਈਆਂ ਸਨ ਅਤੇ ਦੇਰ ਸ਼ਾਮ ਨੂੰ ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਸੂਚਿਤ ਕੀਤਾ ਸੀ। ਪੁਲੀਸ ਨੇ ਬਲਦੇਵ ਨਗਰ ਚੌਕੀ ਵਿੱਚ ਐੱਫਆਈਆਰ ਦਰਜ ਕਰਕੇ ਲੜਕੀਆਂ ਦੀ ਭਾਲ ਦਾ ਜ਼ਿੰਮਾ ਸੀਆਈਏ ਦੀਆਂ ਚਾਰ ਟੀਮਾਂ ਨੂੰ ਸੌਂਪ ਦਿੱਤਾ ਸੀ। ਟੀਮਾਂ ਨੇ ਬੱਚੀਆਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਵੱਖ-ਵੱਖ ਸੀਸੀਟੀਵੀ ਕੈਮਰੇ ਵੀ ਖੰਘਾਲੇ ਗਏ। ਮਾਨਸੀ ਨਾਂ ਦੀ ਲੜਕੀ ਦੇ ਦਾਦੇ ਨੇ ਪੁਲੀਸ ਨੂੰ ਦੱਸਿਆ ਸੀ ਕਿ ਮਾਨਸੀ ਨੇ ਉਸ ਨੂੰ ਕਿਹਾ ਕਿ ਉਹ ਕੱਲ੍ਹ ਸਕੂਲ ਨਹੀਂ ਜਾਵੇਗੀ, ਸਕੂਲ ਵਿੱਚ ਪਾਰਟੀ ਹੈ ਅਤੇ ਆਟੋ ਚਾਲਕ ਵੀ ਨਹੀਂ ਆਵੇਗਾ। ਕੁਝ ਸਮੇਂ ਬਾਅਦ ਉਹ ਘਰੋਂ ਲਾਪਤਾ ਹੋ ਗਈ। ਮਾਨਸੀ ਦੀ ਮਾਂ ਨੇ ਦੱਸਿਆ ਕਿ ਪਹਿਲਾਂ ਲੜਕੀ ਦੀ ਸਹੇਲੀ ਦਾ ਤੇ ਫਿਰ ਅਧਿਆਪਕਾ ਦਾ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਅਤੇ ਜਮਾਤ ਦੀਆਂ ਹੋਰ ਵਿਦਿਆਰਥਣਾਂ ਸਕੂਲ ਵਿੱਚੋਂ ਗਾਇਬ ਹਨ। ਇਸ ਤੋਂ ਬਾਅਦ ਜਦੋਂ ਬੇਟੀ ਦੀ ਭਾਲ ਕੀਤੀ ਗਈ ਤਾਂ ਉਹ ਨਹੀਂ ਮਿਲੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੜਕੀਆਂ ਦੇ ਪਰਿਵਾਰਕ ਮੈਂਬਰ ਅਤੇ ਸਿਆਸੀ ਲੋਕ ਬਲਦੇਵ ਨਗਰ ਚੌਕੀ ਪੁੱਜੇ ਅਤੇ ਪੁਲੀਸ ’ਤੇ ਦਬਾਅ ਪਾਇਆ ਕਿ ਲੜਕੀਆਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ। ਇਸ ਤੋਂ ਬਾਅਦ ਪੁਲੀਸ ਨੇ ਸ਼ਿਕਾਇਤ ਦਰਜ ਕਰ ਕੇ ਚਾਰ ਟੀਮਾਂ ਲੜਕੀਆਂ ਨੂੰ ਲੱਭਣ ਲਈ ਬਣਾ ਦਿੱਤੀਆਂ। ਅੱਜ ਇਕ ਟੀਮ ਲੜਕੀਆਂ ਨੂੰ ਅੰਮ੍ਰਿਤਸਰ ਤੋਂ ਲੱਭ ਕੇ ਲੈ ਆਈ ਹੈ।

Advertisement

Advertisement
Advertisement
Author Image

sukhwinder singh

View all posts

Advertisement