ਉੱਤਰੀ ਕੋਰੀਆ ਵੱਲੋਂ ਮਿਜ਼ਾਈਲ ਦਾ ਪ੍ਰੀਖਣ
ਸਿਓਲ, 3 ਅਪਰੈਲ
ਉੱਤਰੀ ਕੋਰੀਆ ਨੇ ਦਰਮਿਆਨੀ ਦੂਰੀ ਦੀ ਇਕ ਨਵੀਂ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਦਾ ਗੁਆਂਢੀ ਮੁਲਕਾਂ ਅਤੇ ਅਮਰੀਕਾ ਨਾਲ ਵਧਦੇ ਪਰਮਾਣੂ ਵਿਵਾਦ ਦਰਮਿਆਨ ਹਥਿਆਰਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਪ੍ਰੀਖਣ ਦੀ ਕਥਿਤ ਸਫ਼ਲਤਾ ਮਗਰੋਂ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਮੁਲਕ ਨੇ ਸਾਰੀਆਂ ਮਿਜ਼ਾਈਲਾਂ ਲਈ ਠੋਸ-ਈਂਧਣ, ਪਰਮਾਣੂ ਸਮਰੱਥ ਪ੍ਰਣਾਲੀ ਬਣਾਉਣ ਦੀ ਸਮਰੱਥਾ ਹਾਸਲ ਕਰ ਲਈ ਹੈ। ਕਿਮ ਅਜਿਹੇ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਅਮਰੀਕਾ ਅਤੇ ਏਸ਼ੀਆ ’ਚ ਉਸ ਦੇ ਵਿਰੋਧੀਆਂ ਨੂੰ ਡਰਾ ਸਕਣ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਅਜਿਹੇ ਸਮੇਂ ’ਚ ਦਿੱਤੀ ਹੈ ਜਦੋਂ ਇਕ ਦਿਨ ਪਹਿਲਾਂ ਦੱਖਣ ਕੋਰਿਆਈ ਅਤੇ ਜਾਪਾਨੀ ਫ਼ੌਜਾਂ ਨੇ ਉੱਤਰੀ ਕੋਰੀਆ ਦੀ ਰਾਜਧਾਨੀ ਨੇੜੇ ਪੂਰਬੀ ਸਾਗਰ ਵੱਲ ਮਿਜ਼ਾਈਲ ਦਾਗ਼ੇ ਜਾਣ ਦਾ ਪਤਾ ਲਾਇਆ ਸੀ। ਪ੍ਰੀਖਣ ਦੀ ਨਿਗਰਾਨੀ ਕਿਮ ਨੇ ਖੁਦ ਕੀਤੀ ਅਤੇ ਉਨ੍ਹਾਂ ਹਵਾਸੋਂਗ-16ਬੀ ਮਿਜ਼ਾਈਲ ਨੂੰ ਆਪਣੇ ਪਰਮਾਣੂ ਹਥਿਆਰਾਂ ਦਾ ਇਕ ਹਿੱਸਾ ਦੱਸਿਆ। ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਅਜਿਹੇ ਹੋਰ ਹਥਿਆਰ ਵਿਕਸਤ ਕਰਨ ਦਾ ਅਹਿਦ ਲਿਆ। ਕਿਮ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਹੁਣ ਵੱਖ ਵੱਖ ਰੇਂਜ ਦੀਆਂ ਸਾਰੀਆਂ ਮਿਜ਼ਾਈਲਾਂ ਲਈ ਪਰਮਾਣੂ ਸਮਰੱਥ ਪ੍ਰਣਾਲੀ ਵਿਕਸਤ ਕਰ ਲਈ ਹੈ। -ਏਪੀ