ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ ਵੱਲੋਂ ਯੂਕਰੇਨੀ ਸ਼ਹਿਰ ਚਰਨਹੀਵ ’ਤੇ ਮਿਜ਼ਾਈਲ ਹਮਲਾ, 17 ਹਲਾਕ

06:58 AM Apr 18, 2024 IST
ਚਰਨਹੀਵ ’ਚ ਨੁਕਸਾਨੀ ਇਮਾਰਤ ਦੇ ਮਲਬੇ ਦੀ ਜਾਂਚ ਕਰਦੇ ਹੋਏ ਬਚਾਅ ਕਰਮੀ। -ਫੋਟੋ: ਰਾਇਟਰਜ਼

* ਦੋ ਬੱਚਿਆਂ ਸਣੇ 61 ਵਿਅਕਤੀ ਜ਼ਖ਼ਮੀ
* ਜੰਗ ਅਹਿਮ ਪੜਾਅ ’ਤੇ ਪੁੱਜੀ
* ਜ਼ੈਲੇਂਸਕੀ ਵੱਲੋਂ ਪੱਛਮੀ ਮੁਲਕਾਂ ਨੂੰ ਏਅਰ ਡਿਫੈਂਸ ਸਿਸਟਮ ਮੁਹੱਈਆ ਕਰਵਾਉਣ ਦੀ ਅਪੀਲ

Advertisement

ਕੀਵ, 17 ਅਪਰੈਲ
ਰੂਸ ਨੇ ਅੱਜ ਯੂਕਰੇਨ ਦੇ ਉੱਤਰੀ ਹਿੱਸੇ ਵਿਚ ਚਰਨਹੀਵ ਸ਼ਹਿਰ ’ਤੇ ਮਿਜ਼ਾਈਲ ਹਮਲੇ ਕੀਤੇ। ਅਥਾਰਿਟੀਜ਼ ਨੇ ਕਿਹਾ ਕਿ ਹਮਲੇ ਵਿਚ ਅੱਠ ਮੰਜ਼ਿਲਾ ਅਪਾਰਟਮੈਂਟ ਦੀ ਇਮਾਰਤ ਨੁਕਸਾਨੀ ਗਈ ਤੇ ਇਸ ਦੌਰਾਨ ਘੱਟੋ-ਘੱਟ 17 ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਯੂਕਰੇਨੀ ਐਮਰਜੈਂਸੀ ਸਰਵਸਿਜ਼ ਨੇ ਕਿਹਾ ਕਿ ਸਵੇਰ ਵੇਲੇ ਹੋਏ ਹਮਲੇ ਵਿਚ ਦੋ ਬੱਚਿਆਂ ਸਣੇ ਘੱਟੋ-ਘੱਟ 61 ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਪੱਛਮੀ ਮੁਲਕਾਂ ਨੂੰ ਹਵਾਈ ਰੱਖਿਆ ਨਾਲ ਜੁੜੇ ਵੱਧ ਤੋਂ ਵੱਧ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਉਧਰ ਰੂਸ ਨੇ ਦੋ ਥਾਵਾਂ ’ਤੇ ਯੂਕਰੇਨੀ ਡਰੋਨ ਫੁੰਡਣ ਦਾ ਦਾਅਵਾ ਕੀਤਾ ਹੈ। ਰਾਜਧਾਨੀ ਕੀਵ ਤੋਂ ਲਗਪਗ 150 ਕਿਲੋਮੀਟਰ ਉੱਤਰ ਵਿਚ ਰੂਸ ਤੇ ਬੇਲਾਰੂਸ ਦੀ ਸਰਹੱਦ ਨਾਲ ਲੱਗਦੇ ਚਰਨਹੀਵ ਸ਼ਹਿਰ ਦੀ ਕੁੱਲ ਆਬਾਦੀ ਢਾਈ ਲੱਖ ਦੇ ਕਰੀਬ ਹੈ। ਰੂਸ ਨੇ ਇਹ ਬੰਬਾਰੀ ਅਜਿਹੇ ਮੌਕੇ ਕੀਤੀ ਹੈ ਜਦੋਂ ਜੰਗ ਤੀਜੇ ਸਾਲ ਵਿਚ ਖਿੱਚੀ ਗਈ ਹੈ। ਦੋਵਾਂ ਮੁਲਕਾਂ ਵਿਚ ਜਾਰੀ ਜੰਗ ਆਪਣੇ ਅਹਿਮ ਪੜਾਅ ਵਿਚ ਹੈ ਕਿਉਂਕਿ ਯੂਕਰੇਨ ਨੂੰ ਆਪਣੇ ਪੱਛਮੀ ਹਮਾਇਤੀਆਂ ਤੋਂ ਮਿਲਦੀ ਫੌਜੀ ਇਮਦਾਦ ਘਟਣ ਲੱਗੀ ਹੈ। ਹਾਲਾਂਕਿ ਸਰਦੀਆਂ ਦੇ ਮਹੀਨਿਆਂ ਦੌਰਾਨ ਰੂਸ ਨੇ ਯੂਕਰੇਨ ਨਾਲ ਲੱਗਦੀ 1000 ਕਿਲੋਮੀਟਰ ਲੰਮੀ ਸਰਹੱਦ ’ਤੇ ਕੋਈ ਨਾਟਕੀ ਪੇਸ਼ਕਦਮੀ ਨਹੀਂ ਕੀਤੀ ਤੇ ਉਸ ਦਾ ਸਾਰਾ ਧਿਆਨ ਫੌਜੀ ਨਫ਼ਰੀ ਘਟਾਉਣ ਵਧਾਉਣ ’ਤੇ ਰਿਹਾ।
ਫੌਜੀ ਵਿਸ਼ਲੇਸ਼ਕਾਂ ਮੁਤਾਬਕ ਯੂਕਰੇਨ ਕੋਲ ਹਥਿਆਰਾਂ, ਗੋਲੀ-ਸਿੱਕੇ, ਫੌਜੀ ਅਮਲੇ ਤੇ ਹਥਿਆਰਬੰਦ ਵਾਹਨਾਂ ਦੀ ਘਾਟ ਕਰਕੇ ਰੂਸ ਨੂੰ ਆਪਣੀਆਂ ਫੌਜਾਂ ਅੱਗੇ ਧੱਕਣ ਦਾ ਮੌਕਾ ਜ਼ਰੂਰ ਮਿਲ ਗਿਆ। ਵਾਸ਼ਿੰਗਟਨ ਵੱਲੋਂ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਕਰੀਬ 60 ਅਰਬ ਡਾਲਰ ਦੀ ਮਦਦ, ਜਿਸ ਨੂੰ ਹਾਲ ਦੀ ਘੜੀ ਰੋਕ ਕੇ ਰੱਖਿਆ ਗਿਆ ਹੈ, ਯੂਕਰੇਨ ਲਈ ਕਾਫ਼ੀ ਅਹਿਮ ਹੈ। ਵਾਸ਼ਿੰਗਟਨ ਆਧਾਰਿਤ ਥਿੰਕ ਟੈਂਕ ‘ਇੰਸਟੀਚਿਊਟ ਆਫ਼ ਸਟੱਡੀ ਆਫ਼ ਵਾਰ’ ਮੁਤਾਬਕ ਖਾਸ ਕਰਕੇ ਏਅਰ ਡਿਫੈਂਸ ਤੇ ਆਰਟਿਲਰੀ ਵਿਚ ਅਮਰੀਕੀ ਇਮਦਾਦ ਤੋਂ ਬਿਨਾਂ ਯੂਕਰੇਨ ਬਹੁਤਾ ਚਿਰ ਰੂਸ ਅੱਗੇ ਟਿਕ ਨਹੀਂ ਸਕਦਾ ਅਤੇ ਅਮਰੀਕਾ ਹੀ ਇਹ ਹਥਿਆਰ ਮੁਹੱਈਆ ਕਰ ਸਕਦਾ ਹੈ। ਉਧਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਪੱਛਮੀ ਮੁਲਕਾਂ ਨੂੰ ਵੱਧ ਤੋਂ ਵੱਧ ਏਅਰ ਡਿਫੈਂਸ ਸਿਸਟਮ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਕੋਲ ਹਵਾਈ ਰੱਖਿਆ ਲਈ ਲੋੜੀਂਦੇ ਹਥਿਆਰ ਹੁੰਦੇ ਤਾਂ ਚਰਨਹੀਵ ’ਤੇ ਮਿਜ਼ਾਈਲ ਹਮਲਾ ਨਾ ਹੁੰਦਾ। ਜ਼ੈਲੇਂਸਕੀ ਨੇ ਪਿਛਲੇ ਹਫ਼ਤੇ ਪੀਬੀਐੱਸ ਨੂੰ ਇਕ ਇੰਟਰਵਿਊ ਵਿਚ ਏਅਰ ਡਿਫੈਂਸ ਮਿਜ਼ਾਈਲਾਂ ਮੁੱਕਣ ਦਾ ਦਾਅਵਾ ਕੀਤਾ ਸੀ। ਇਸ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਤਾਤਰਸਤਾਨ ਖੇਤਰ ਤੇ ਮਾਸਕੋ ਤੋਂ ਪੂਰਬ ਵਿਚ ਮੋਰਦੋਵੀਆ ਖੇਤਰ ਵਿਚ ਯੂਕਰੇਨੀ ਡਰੋਨ ਸੁੱਟ ਲੈਣ ਦਾ ਦਾਅਵਾ ਕੀਤਾ ਹੈ। -ਏਪੀ

Advertisement
Advertisement
Advertisement