ਜਲੰਧਰ ਪਹੁੰਚਣ ’ਤੇ ਮਿਸ ਗ੍ਰੈਂਡ ਇੰਟਰਨੈਸ਼ਨਲ ਰੇਚਲ ਦਾ ਸਵਾਗਤ
ਹਤਿੰਦਰ ਮਹਿਤਾ
ਜਲੰਧਰ, 24 ਦਸੰਬਰ
ਸ਼ਹਿਰ ਦੀ ਰੇਚਲ ਗੁਪਤਾ ਦੋ ਮਹੀਨੇ ਪਹਿਲਾਂ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ ਜਿੱਤ ਕੇ ਇਤਿਹਾਸ ਰਚਣ ਮਗਰੋਂ ਅੱਜ ਘਰ ਪਰਤ ਆਈ ਹੈ। ਉਸ ਦੇ ਪਰਿਵਾਰ ਤੇ ਸ਼ਹਿਰ ਵਾਸੀਆਂ ਵੱਲੋਂ ਅੱਜ ਰੇਚਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। 20 ਸਾਲਾ ਸੁੰਦਰੀ ਨੇ 25 ਅਕਤੂਬਰ ਨੂੰ ਬੈਂਕਾਕ, ਥਾਈਲੈਂਡ ਵਿੱਚ ਮਿਸ ਗ੍ਰੈਂਡ ਇੰਟਰਨੈਸ਼ਨਲ ਹੈੱਡਕੁਆਰਟਰ ਵਿੱਚ ਵੱਕਾਰੀ ਖਿਤਾਬ ਜਿੱਤਿਆ ਸੀ। ਉਸ ਦੇ ਪਰਿਵਾਰ ਨੇ ਅੱਜ ਅੱਜ ਆਪਣੀ ਧੀ ਦੇ ਪਰਤਣ ’ਤੇ ਜਸ਼ਨ ਮਨਾਏ। ਇਸ ਦੌਰਾਨ ਕੀਤੇ ਰੋਡ ਸ਼ੋਅ ਵਿੱਚ ਸ਼ਾਮਲ ਹੋ ਕੇ ਰੇਚਲ ਆਪਣੇ ਘਰ ਪੁੱਜੀ।
ਉਹ ਜੀਪ ’ਚ ਸਵਾਰ ਹੋ ਕੇ ਅਰਬਨ ਅਸਟੇਟ ਦੀਆਂ ਗਲੀਆਂ ਵਿੱਚੋਂ ਲੰਘੀ, ਇਸ ਦੌਰਾਨ ਉਸ ਨੇ ਸੁਨਹਿਰੀ ਤਾਜ ਪਹਿਨਿਆ ਹੋਇਆ ਸੀ। ਉਸ ਨੇ ਜੀਪ ’ਚ ਸਵਾਰ ਹੋ ਕੇ ਭਾਰਤੀ ਝੰਡਾ ਵੀ ਲਹਿਰਾਇਆ। ਸ਼ਹਿਰ ਵਾਸੀਆਂ ਨੇ ਰੇਚਲ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਸ਼ਹਿਰ ਦੀ ਧੀ ਦੀ ਇਸ ਪ੍ਰਾਪਤੀ ਦੀ ਖ਼ੁਸ਼ੀ ਵਿੱਚ ਅੱਜ ਵੱਡੀ ਗਿਣਤੀ ਜਲੰਧਰ ਵਾਸੀ ਉਸ ਨੂੰ ਜੀ ਆਇਆਂ ਕਹਿਣ ਪੁੱਜੇ ਹੋਏ ਸਨ। ਇਸ ਦੌਰਾਨ ਉਸ ਦੇ ਸਵਾਗਤ ਕਰਨ ਵਾਲਿਆਂ ਨਾਲ ਸੜਕਾਂ ਭਰ ਗਈਆਂ। ਇਸ ਦੌਰਾਨ ਉਦਯੋਗਪਤੀਆਂ ਤੇ ਸਿਆਸੀ ਆਗੂਆਂ ਵੱਲੋਂ ਵੀ ਉਸ ਨੂੰ ਵਧਾਈਆਂ ਦਿੱਤੀਆਂ ਗਈਆਂ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਰੇਚਲ ਦੀ ਪ੍ਰਾਪਤੀ ਇਤਿਹਾਸਕ ਹੈ। ਉਹ ਮਿਸ ਗ੍ਰੈਂਡ ਇੰਟਰਨੈਸ਼ਨਲ ਸੁਨਹਿਰੀ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਮੁਟਿਆਰ ਹੈ।
ਲੋਕ ਭਲਾਈ ਲਈ ਯਤਨ ਕਰਦੀ ਰਹਾਂਗੀ: ਰੇਚਲ
ਰੇਚਲ ਗੁਪਤ ਨੇ ਗੱਲਬਾਤ ਕਰਦਿਆਂ ਕਿਹਾ ਭਾਵੇਂ ਉਸ ਨੂੰ ਭਵਿੱਖ ਵਿੱਚ ਬੌਲੀਵੁੱਡ ਤੋਂ ਕੰਮ ਦੀ ਪੇਸ਼ਕਸ਼ ਹੋਵੇ ਜਾਂ ਹੋਰ ਮਿਲੇ ਪਰ ਉਹ ਲੋਕ ਭਲਾਈ ਲਈ ਹਮੇਸ਼ਾ ਯਤਨ ਕਰਦੀ ਰਹੇਗੀ। ਉਸ ਨੇ ਕਿਹਾ ਕਿ ਉਸ ਨੂੰ ਸਮਾਜ ਲਈ ਕੰਮ ਕਰਨ ਦਾ ਜਨੂੰਨ ਹੈ ਜਿਸ ਨੂੰ ਉਹ ਕੰਮ ਦੌਰਾਨ ਵੀ ਭੁਲਾ ਨਹੀਂ ਸਕਦੀ।