Mahakumbh ਮਹਾਂਕੁੰਭ ਬਾਰੇ ਗੁੰਮਰਾਹਕੁਨ ਜਾਣਕਾਰੀ: ਯੂਪੀ ਸਰਕਾਰ ਵੱਲੋਂ 14 ਐਕਸ ਖਾਤਿਆਂ ਵਿਰੁੱਧ ਕਾਰਵਾਈ
ਪ੍ਰਯਾਗਰਾਜ (ਯੂਪੀ), 9 ਫਰਵਰੀ
ਉੱਤਰ ਪ੍ਰਦੇਸ਼ ਸਰਕਾਰ ਨੇ ਮਹਾਂਕੁੰਭ ਨਾਲ ਸਬੰਧਤ ਗੁੰਮਰਾਹਕੁਨ ਸਮੱਗਰੀ ਕਥਿਤ ਪੋਸਟ ਕਰਨ ਲਈ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ 14 ਖਾਤਿਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਹੈ।
ਸਰਕਾਰੀ ਬਿਆਨ ਮੁਤਾਬਕ ਯੂਪੀ ਪੁਲੀਸ ਦੇ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਦੇ ਨਿਰਦੇਸ਼ਾਂ ਤਹਿਤ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਕੀਤੀ ਗਈ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਗੁੰਮਰਾਹਕੁਨ ਸਮੱਗਰੀ ਵਿਚ ਝਾਰਖੰਡ ਦੇ ਧਨਬਾਦ ਤੋਂ ਇੱਕ ਪੁਰਾਣੀ ਵੀਡੀਓ ਦਾ ਪ੍ਰਸਾਰਨ ਵੀ ਸ਼ਾਮਲ ਹੈ, ਜਿਸ ਨੂੰ ਪ੍ਰਯਾਗਰਾਜ ਵਿੱਚ ਮਹਾਂਕੁੰਭ ਨਾਲ ਝੂਠਾ ਜੋੜਿਆ ਗਿਆ ਸੀ। ਕਥਿਤ ਵੀਡੀਓ ਵਿੱਚ 1 ਜਨਵਰੀ, 2025 ਨੂੰ ਝਾਰਖੰਡ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਨੂੰ ਦਰਸਾਇਆ ਗਿਆ ਹੈ। ਇਸ ਨੂੰ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਕਥਿਤ ‘ਮਹਾਂਕੁੰਭ ਵਿੱਚ ਲਾਪਤਾ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਸ਼ਰਧਾਲੂਆਂ ਨੂੰ ਬੇਰਹਿਮੀ ਨਾਲ ਕੁੱਟਣ’ ਵਾਲੀ ਘਟਨਾ ਦੇ ਰੂਪ ਵਿੱਚ ਸਾਂਝਾ ਕੀਤਾ ਗਿਆ ਸੀ।
ਬਿਆਨ ਵਿਚ ਕਿਹਾ ਗਿਆ, ‘‘ਜਾਂਚ ਦੌਰਾਨ ਪਤਾ ਲੱਗਾ ਕਿ ਇਹ ਵੀਡੀਓ ਪ੍ਰਯਾਗਰਾਜ ਦਾ ਨਹੀਂ ਬਲਕਿ ਧਨਬਾਦ ਦਾ ਸੀ।’’ ਕੁੰਭ ਮੇਲਾ ਪੁਲੀਸ ਨੇ ਵੀ ਦਾਅਵਿਆਂ ਦਾ ਖੰਡਨ ਕੀਤਾ ਸੀ। -ਪੀਟੀਆਈ