ਦੁਰਵਿਹਾਰ ਮਾਮਲਾ: ਜਾਂਚ ਕਮੇਟੀ ਨੇ ਇੱਕ ਦਿਨ ਦਾ ਹੋਰ ਸਮਾਂ ਮੰਗਿਆ
ਐੱਨਪੀ ਧਵਨ
ਪਠਾਨਕੋਟ, 9 ਅਕਤੂਬਰ
ਸਿਵਲ ਹਸਪਤਾਲ ਪਠਾਨਕੋਟ ਵਿੱਚ ਮਹਿਲਾ ਨਰਸਿੰਗ ਸਟਾਫ਼ ਨਾਲ ਇੱਕ ਡਾਕਟਰ ਵੱਲੋਂ ਦੁਰਵਿਹਾਰ ਅਤੇ ਥੱਪੜ ਮਾਰਨ ਦੇ ਦੋਸ਼ਾਂ ਦੀ ਜਾਂਚ ਲਈ ਗਠਿਤ ਕੀਤੀ ਗਈ 4 ਮੈਂਬਰੀ ਕਮੇਟੀ ਨੇ ਇੱਕ ਦਿਨ ਦਾ ਹੋਰ ਸਮਾਂ ਮੰਗਿਆ ਹੈ। ਕਮੇਟੀ ਵਿੱਚ ਦੋ ਮਹਿਲਾ ਡਾਕਟਰ, ਇੱਕ ਪੁਰਸ਼ ਡਾਕਟਰ ਅਤੇ ਇੱਕ ਨਰਸਿੰਗ ਸਟਾਫ ਮੈਂਬਰ ਸ਼ਾਮਲ ਹਨ, ਜੋ ਵੱਖ-ਵੱਖ ਪਹਿਲੂਆਂ ਤੋਂ ਜਾਂਚ ਵਿੱਚ ਲੱਗੇ ਹੋਏ ਹਨ। ਹਾਲਾਂ ਕਿ ਇਸ ਪੂਰੇ ਮਾਮਲੇ ਵਿੱਚ ਕੀ ਸੱਚ ਹੈ ਅਤੇ ਕੀ ਝੂਠ ਹੈ, ਇਸ ਦੀ ਜਾਂਚ ਲਈ ਹਸਪਤਾਲ ਦੇ ਉੱਚ ਅਧਿਕਾਰੀਆਂ ਨੇ ਇੱਕ ਕਮੇਟੀ ਗਠਿਤ ਕਰਕੇ 24 ਘੰਟਿਆਂ ਵਿੱਚ ਪੂਰੇ ਮਾਮਲੇ ਦਾ ਖੁਲਾਸਾ ਕਰਨ ਲਈ ਕਿਹਾ ਹੈ ਪਰ ਮਾਮਲੇ ਨੂੰ ਬੇਨਕਾਬ ਕਰਨ ਲਈ ਅਧਿਕਾਰੀਆਂ ਨੇ ਵੂਮੈਨ ਨਰਸਿੰਗ ਯੂਨੀਅਨ ਤੋਂ ਇੱਕ ਦਿਨ ਦਾ ਹੋਰ ਸਮਾਂ ਮੰਗਿਆ ਹੈ।
ਮੈਟਰਨ ਕਰਮਜੀਤ ਨੇ ਦੱਸਿਆ ਕਿ ਹਸਪਤਾਲ ਦੀ ਮਹਿਲਾ ਨਰਸਿੰਗ ਸਟਾਫ਼ ਸੁਦੇਸ਼ ਕੁਮਾਰੀ ਦੇ ਨਾਲ ਅਲਟਰਾਸਾਊਂਡ ’ਚ ਤਾਇਨਾਤ ਡਾਕਟਰ ਨੇ ਫ਼ੋਨ ’ਤੇ ਗੱਲ ਕਰਦਿਆਂ ਥੱਪੜ ਮਾਰਨ ਅਤੇ ਦੁਰਵਿਹਾਰ ਕਰਨ ਦੀ ਗੱਲ ਕਹੀ ਸੀ।
ਮਾਮਲੇ ਵਿੱਚ ਡਾਕਟਰ ਖਿਲਾਫ਼ ਕਾਰਵਾਈ ਕਰਨ ਲਈ ਬਟਾਲਾ ਅਤੇ ਗੁਰਦਾਸਪੁਰ ਤੋਂ ਉਨ੍ਹਾਂ ਦੀ ਯੂਨੀਅਨ ਦੇ ਮੈਂਬਰ ਅੱਜ ਸਿਵਲ ਹਸਪਤਾਲ ਪਠਾਨਕੋਟ ਪੁੱਜੇ। ਯੂਨੀਅਨ ਦੇ ਮੈਂਬਰਾਂ ਨੇ ਚਾਰ ਮੈਂਬਰੀ ਕਮੇਟੀ ਅਤੇ ਹਸਪਤਾਲ ਦੇ ਉੱਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਕਰਮਜੀਤ ਨੇ ਦੱਸਿਆ ਕਿ ਐੱਸਐੱਮਓ ਨਾਲ ਗੱਲਬਾਤ ਦੌਰਾਨ ਯੂਨੀਅਨ ਮੈਂਬਰਾਂ ਨੇ ਕਿਹਾ ਕਿ ਜੇਕਰ ਕਮੇਟੀ ਬਣਦੀ ਕਾਰਵਾਈ ਕਰਨ ਤੋਂ ਅਸਮਰੱਥ ਰਹੀ ਤਾਂ ਯੂਨੀਅਨ ਆਪਣੇ ਸੰਘਰਸ਼ ਨੂੰ ਤੇਜ਼ ਕਰ ਦੇਵੇਗੀ। ਮਹਿਲਾ ਨਰਸਿੰਗ ਸਟਾਫ਼ ਨਾਲ ਦੁਰਵਿਹਾਰ ਕਰਨ ਵਾਲੇ ਡਾਕਟਰ ਵਿਰੁੱਧ ਜਾਂਚ ਕਰਕੇ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਭਲਕੇ ਫਿਰ ਸਿਵਲ ਹਸਪਤਾਲ ਵਿਖੇ ਯੂਨੀਅਨ ਵੱਲੋਂ ਮੀਟਿੰਗ ਬੁਲਾਈ ਗਈ ਹੈ।
ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੁਨੀਲ ਚਾਂਦ ਨੇ ਦੱਸਿਆ ਕਿ ਕਮੇਟੀ ਦੀ ਜਾਂਚ ਵਿੱਚ ਅੱਜ ਡਾਕਟਰ ਅਤੇ ਮਹਿਲਾ ਨਰਸਿੰਗ ਸਟਾਫ਼ ਨੂੰ ਬੁਲਾਇਆ ਗਿਆ ਸੀ। ਡਾਕਟਰ ਨੇ ਆਪਣੀ ਤਰਫੋਂ ਜਵਾਬ ਦੇਣ ਲਈ ਵੀਰਵਾਰ ਸਵੇਰੇ 11 ਵਜੇ ਤੱਕ ਦਾ ਸਮਾਂ ਮੰਗਿਆ ਹੈ। ਜਿਸ ਕਰਕੇ ਭਲਕੇ ਇਸ ਮਾਮਲੇ ਦਾ ਹੱਲ ਨਿਕਲਣ ਦੀ ਸੰਭਾਵਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਗਲਤ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।