ਗਾਇਕਾ ਨਾਲ ਬਦਸਲੂਕੀ: ਪ੍ਰਿਯੰਕਾ ਤੇ ਲਾਲੂ ਨੇ ਭਾਜਪਾ ਨੂੰ ਭੰਡਿਆ
ਨਵੀਂ ਦਿੱਲੀ:
ਕਾਂਗਰਸੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਮਹਾਤਮਾ ਗਾਂਧੀ ਦਾ ਪਸੰਦੀਦਾ ਭਜਨ ਗਾਉਣ ਵਾਲੀ ਮਹਿਲਾ ਕਲਾਕਾਰ ਨਾਲ ਕਥਿਤ ਬਦਸਲੂਕੀ ਨੂੰ ਲੈ ਕੇ ਅੱਜ ਭਾਜਪਾ ਦੀ ਨਿਖੇਧੀ ਕੀਤੀ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇਸ਼ ਦੇ ਸ਼ਹਿਣਸ਼ੀਲ ਅਤੇ ਸਮਾਵੇਸ਼ੀ ਸੱਭਿਆਚਾਰ ਨੂੰ ਇੰਨੀ ਜ਼ਿਆਦਾ ਨਫ਼ਰਤ ਕਰਦੀ ਹੈ ਕਿ ਵਾਰ-ਵਾਰ ਮਹਾਨ ਸ਼ਖਸੀਅਤਾਂ ਦਾ ਅਪਮਾਨ ਕਰ ਰਹੀ ਹੈ। ਕਾਂਗਰਸ ਦੀ ਜਨਰਲ ਸਕੱਤਰ ਨੇ ਇਹ ਦੋਸ਼ ਵੀ ਲਾਇਆ ਕਿ ਭਾਜਪਾ ਆਗੂਆਂ ਨੇ ਲੋਕ ਗਾਇਕਾ ਦੇਵੀ ਨੂੰ ਮਹਾਤਮਾ ਗਾਂਧੀ ਦਾ ਪਸੰਦੀਦਾ ਭਜਨ ਗਾਉਣ ’ਤੇ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ। ਪ੍ਰਿਯੰਕਾ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਉਹ (ਭਾਜਪਾ) ਦੁਨੀਆ ਨੂੰ ਦਿਖਾਉਣ ਲਈ ਮਹਾਤਮਾ ਗਾਂਧੀ ਫੁੱਲ ਚੜ੍ਹਾਉਂਦੀ ਹੈ ਪਰ ਅਸਲ ’ਚ ਉਹ ਉਨ੍ਹਾਂ ਦਾ ਸਨਮਾਨ ਨਹੀਂ ਕਰਦੀ। ਉਹ ਦਿਖਾਵੇ ਲਈ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਲੈਂਦੇ ਹਨ ਪਰ ਅਸਲ ’ਚ ਉਹ ਉਨ੍ਹਾਂ ਦੀ ਤੌਹੀਨ ਕਰਦੇ ਹਨ।’’ਲਾਲੂ ਪ੍ਰਸਾਦ ਯਾਦਵ ਨੇ ਵੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਵਰ੍ਹੇਗੰਢ ਸਬੰਧੀ ਹੋਏ ਸਮਾਗਮ ’ਚ ਕਲਾਕਾਰ ਨਾਲ ਬਦਸਲੂਕੀ ਲਈ ਭਾਜਪਾ ਦੀ ਨਿਖੇਧੀ ਕੀਤੀ। -ਪੀਟੀਆਈ