ਫੰਡਾਂ ’ਚ ਗਬਨ: ਸੇਵਾਮੁਕਤ ਸਿਵਲ ਸਰਜਨ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ
ਗੁਰਬਖਸ਼ਪੁਰੀ
ਤਰਨ ਤਾਰਨ, 17 ਅਕਤੂਬਰ
ਸਿਹਤ ਵਿਭਾਗ ਵਿੱਚ ਕੁਝ ਚਿਰ ਪਹਿਲਾਂ ‘ਮੁੱਖ ਮੰਤਰੀ ਮੋਤੀਆ ਮੁਕਤ’ ਅਭਿਆਨ ਤਹਿਤ ਸਰਕਾਰ ਵੱਲੋਂ ਆਈ 32 ਲੱਖ ਰੁਪਏ ਦੀ ਗਰਾਂਟ ਗਬਨ ਕਰ ਲੈਣ ਦੇ ਮਾਮਲੇ ਵਿੱਚ ਵਿਭਾਗ ਦੇ ਡਾਇਰੈਕਟਰ ਨੇ ਤਰਨ ਤਾਰਨ ਦੇ ਸਿਵਲ ਸਰਜਨ ਨੂੰ ਪੱਤਰ ਭੇਜ ਕੇ ਤਤਕਾਲੀ ਸਿਵਲ ਸਰਜਨ (ਹੁਣ ਸੇਵਾਮੁਕਤ) ਡਾ. ਕਮਲਪਾਲ ਖਿਲਾਫ਼ ਐੱਫ਼ਆਈਆਰ ਕਰਵਾਉਣ ਦੇ ਹੁਕਮ ਦਿੱਤੇ ਹਨ| ਡਾਇਰੈਕਟਰ ਦਫਤਰ ਨੇ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਹੈ ਕਿ ਸਿਵਲ ਸਰਜਨ ਨੇ ਇਹ ਰਾਸ਼ੀ ਵਰਤਣ ਲਈ ਜ਼ਿਲ੍ਹਾ ਕਮੇਟੀ ਦੇ ਮੈਂਬਰਾਂ ਦੇ ਜਾਅਲੀ ਦਸਤਖਤ ਕੀਤੇ ਸਨ| ਵਰਤਮਾਨ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਡਾਇਰੈਕਟਰ ਦਫਤਰ ਤੋਂ ਜਾਰੀ ਕੀਤੇ ਪੱਤਰ ਦੇ ਉਨ੍ਹਾਂ ਨੂੰ ਮਿਲ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਡਾ. ਕਮਲਪਾਲ ਖਿਲਾਫ਼ ਐਫ਼ ਆਈ ਆਰ ਦਰਜ ਕਰਵਾਈ ਜਾ ਰਹੀ ਹੈ|
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੇ ਦਫਤਰ ਦੇ ਜ਼ਿਲ੍ਹਾ ਲੇਖਾਕਾਰ (ਅਕਾਊਂਟਸ ਅਫਸਰ) ਹਰਸ਼ ਕੁਮਾਰ ਨੂੰ ਪਹਿਲਾਂ ਹੀ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ| ਉਨ੍ਹਾਂ ਹੋਰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੌਕਸੀ ਵਿਭਾਗ (ਵਿਜੀਲੈਂਸ ਬਿਉਰੋ) ਵਲੋਂ ਵੀ ਕੀਤੀ ਜਾ ਰਹੀ ਹੈ| ਇਸ ਮਾਮਲੇ ਦੀ ਵਿਭਾਗ ਨੂੰ ਸ਼ਿਕਾਇਤ ਜ਼ਿਲ੍ਹਾ ਕਮੇਟੀ ਦੇ ਨੋਡਲ ਅਧਿਕਾਰੀ ਡਾ. ਨਵਨੀਤ ਸਿੰਘ ਮਿਨਹਾਸ ਨੇ ਕੀਤੀ ਸੀ ਜਿਸ ਦੀ ਜਾਂਚ ਵਿਭਾਗ ਨੇ ਤਿੰਨ-ਮੈਂਬਰੀ ਕਮੇਟੀ ਤੋਂ ਕਰਵਾਈ ਸੀ| ਕਮੇਟੀ ਨੇ ਰਿਟਾਇਰਡ ਸਿਵਲ ਸਰਜਨ ਡਾ. ਕਮਲਪਾਲ ਖਿਲਾਫ਼ ਪੁਲੀਸ ਕੋਲ ਫੌਜਦਾਰੀ ਕੇਸ ਦਰਜ ਕਰਵਾਉਣ ਲਈ ਕਿਹਾ ਹੈ|