ਮਿਰਜ਼ਾਪੁਰ ਵਾਸੀਆਂ ਨੇ ਆਈਏਐੱਸ ਅਧਿਕਾਰੀ ਖ਼ਿਲਾਫ਼ ਮੋਰਚਾ ਖੋਲ੍ਹਿਆ
ਮਿਹਰ ਸਿੰਘ
ਕੁਰਾਲੀ, 21 ਅਗਸਤ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਮਿਰਜ਼ਾਪੁਰ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਜਨਰਲ ਇਜਲਾਸ ਕਰਕੇ ਪੰਜਾਬ ਦੇ ਇੱਕ ਆਈਏਐਸ ਅਧਿਕਾਰੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਪਿੰਡ ਵਾਸੀਆਂ ਨੇ ਪਿੰਡ ਦੀ ਜ਼ਮੀਨ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰਨ ਸਬੰਧੀ ਪੰਜਾਬ ਸਰਕਾਰ ਤੋਂ ਸਬੰਧਿਤ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਮਿਰਜ਼ਾਪੁਰ ਦੀ ਸਰਪੰਚ ਬਬਲੀ ਦੀ ਪ੍ਰਧਾਨਗੀ ਹੇਠ ਹੋਏ ਇਸ ਜਨਰਲ ਇਜਲਾਸ ਵਿੱਚ ਪਿੰਡ ਦੇ ਪੰੰਚਾਇਤ ਮੈਂਬਰਾਂ ਤੋਂ ਇਲਾਵਾ ਹੋਰਨਾਂ ਪਤਵੰਤਿਆਂ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ। ਸਰਪੰਚ ਬਬਲੀ ਅਤੇ ਸਾਬਕਾ ਸਰਪੰਚ ਦਿਲਾ ਰਾਮ ਨੇ ਦੱਸਿਆ ਕਿ ਪੰਜਾਬ ਦਾ ਇੱਕ ਸੀਨੀਅਰ ਆਈਏਐੱਸ ਅਧਿਕਾਰੀ ਉਨ੍ਹਾਂ ਦੇ ਪਿੰਡ ਵਿੱਚ ਬਣੇ ਰੈਸਟ ਹਾਊਸ ਵਿੱਚ ਹਮੇਸ਼ਾ ਆਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਰੈਸਟ ਹਾਊਸ ਵਿੱਚ ਘੋੜੇ ਬੰਨ੍ਹਣ ਕਾਰਨ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣਨ ਵਾਲਾ ਇਹ ਅਧਿਕਾਰੀ ਹੁਣ ਪਿੰਡ ਦੀ ਮਸਤਰਕਾ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀ ਇਹ ਸਾਰੀ ਕਾਰਵਾਈ ਆਪਣੇ ਨਾਲ ਆਏ ਪੁਲੀਸ ਮੁਲਾਜ਼ਮਾਂ ਦੀ ਸ਼ਹਿ ’ਤੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵਣ ਸੁਰੱਖਿਆ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਨੇ ਅਧਿਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਅਧਿਕਾਰੀ ਨੇ ਕਥਿਤ ਅਪਸ਼ਬਦ ਬੋਲੇ। ਪਿੰਡ ਵਾਸੀਆਂ ਨੇ ਜਨਰਲ ਇਜਲਾਸ ਦੌਰਾਨ ਆਈਏਐੱਸ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪਿੰਡ ਦਾ ਮਾਹੌਲ ਖ਼ਰਾਬ ਕਰਨ ਦਾ ਦੋਸ਼ ਲਾਇਆ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਆਈਏਐੱਸ ਅਧਿਕਾਰੀ ਦਾ ਪਿੰਡ ਦੇ ਰੈਸਟ ਹਾਊਸ ਵਿੱਚ ਦਾਖ਼ਲਾ ਬੰਦ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਰਨੈਲ ਸਿੰਘ, ਰੱਖਾ ਰਾਮ, ਦਿਲਾ ਰਾਮ, ਕੁਲਦੀਪ ਸਿੰਘ, ਸੁਖਦੇਵ ਸਿੰਘ ਅਤੇ ਸਮਸ਼ੇਰ ਸਿੰਘ ਹਾਜ਼ਰ ਸਨ।