ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿਰਜ਼ਾ ਸਾਹਿਬਾ ਦਾ ਪਹਿਲਾ ਕਿੱਸਾਕਾਰ ਪੀਲੂ

11:50 AM Dec 06, 2023 IST

ਡਾ. ਚਰਨਜੀਤ ਸਿੰਘ ਗੁਮਟਾਲਾ

ਪੰਜਾਬੀ ਕਿੱਸਾ-ਕਾਵਿ ਦਾ ਆਰੰਭ ਹੀਰ ਦਮੋਦਰ ਨਾਲ ਹੁੰਦਾ ਹੈ। ਦਮੋਦਰ ਨੇ ਭਾਰਤੀ ਪਰੰਪਰਾ ਅਨੁਸਾਰ ਆਪਣੇ ਕਿੱਸੇ ਦਾ ਅੰਤ ਸੁਖਾਂਤ ਵਿੱਚ ਕੀਤਾ ਹੈ। ਉਹ ਹੀਰ ਤੇ ਰਾਂਝੇ ਦਾ ਮਿਲਾਪ ਕਰਵਾ ਦਿੰਦਾ ਹੈ ਤੇ ਉਨ੍ਹਾਂ ਨੂੰ ਮੱਕੇ ਭੇਜ ਦਿੰਦਾ ਹੈ। ਮਿਰਜ਼ਾ ਸਾਹਿਬਾ ਦਾ ਸਭ ਤੋਂ ਪਹਿਲਾ ਕਿੱਸਾ ਲਿਖਣ ਦਾ ਮਾਣ ਪੀਲੂ ਨੂੰ ਪ੍ਰਾਪਤ ਹੈ। ਇਹ ਪਹਿਲਾ ਕਿੱਸਾ ਹੈ, ਜਿਸ ਦਾ ਅੰਤ ਦੁਖਾਂਤ ਵਿੱਚ ਹੁੰਦਾ ਹੈ। ਇੰਜ ਪੰਜਾਬੀ ਵਿੱਚ ਪਹਿਲੀ ਤਰਾਸਦੀ ਦਾ ਰਚਨਹਾਰਾ ਵੀ ਪੀਲੂ ਹੀ ਹੈ।
ਪੀਲੂ ਦੇ ਜੀਵਨ ਤੇ ਰਚਨਾ ਬਾਰੇ ਵੱਖ ਵੱਖ ਵਿਦਵਾਨਾਂ ਵਿੱਚ ਮੱਤਭੇਦ ਹਨ। ਬਾਵਾ ਬੁੱਧ ਸਿੰਘ ਅਨੁਸਾਰ, ਇੱਕ ਪੀਲੂ ਭਗਤ ਸ੍ਰੀ ਗੁਰੂ ਅਰਜਨ ਦੇਵ ਵੇਲੇ ਹੋਏ, ਪਰ ਉਹ ਹਿੰਦੂ ਸਨ। ਇਸ ਤੋਂ ਵੱਧ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ। ਡਾ. ਮੋਹਨ ਸਿੰਘ ਪੀਲੂ ਦਾ ਜਨਮ ਸਥਾਨ ਅੰਮ੍ਰਿਤਸਰ ਦੇ ਨਜ਼ਦੀਕ ਅਟਾਰੀ ਕੋਲ ਦੱਸਦਾ ਹੈ ਤੇ ਲਿਖਦਾ ਹੈ ਕਿ ਇੱਥੇ ਪੀਲੂ ਦਾ ਖੂਹ ਦੱਸੀਦਾ ਹੈ। ਉਹ ਪੀਲੂ ਦੋ ਮੰਨਦਾ ਹੈ : ਇੱਕ ਭਗਤ ਪੀਲੂ ਜਿਸ ਨੇ ਸ਼ਬਦ ਸਲੋਕ ਲਿਖੇ, ਦੂਜਾ ਕਿੱਸਾਕਾਰ। ਮੁਨਸ਼ੀ ਮੌਲਾ ਬਖ਼ਸ਼ ਕੁਸ਼ਤਾ ਦੀ ਧਾਰਨਾ ਹੈ ਕਿ ਪੀਲੂ ਮੁਸਲਮਾਨ ਜੱਟ ਸੀ। ਉਹ ਪਿੰਡ ਵੈਰੋਵਾਰ, ਤਹਿਸੀਲ ਤਰਨ ਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ ਅਤੇ ਉਹ ਜਹਾਂਗੀਰ ਤੇ ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਹੋਇਆ। ਜਦ ਜਵਾਨ ਹੋਏ ਤਾਂ ਫ਼ਕੀਰੀ ਬਾਣਾ ਪਹਿਨ ਕੇ ਬਾਰ ਵੱਲ ਚੱਲ ਗਏ। ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੀ ਦਰਸ਼ਨ ਕੀਤੇ।
ਪ੍ਰੋ. ਗੁਰਚਰਨ ਸਿੰਘ ਪੀਲੂ ਭਗਤ ਨੂੰ ਹੀ ਮਿਰਜ਼ਾ ਸਾਹਿਬਾ ਦੇ ਕਿੱਸੇ ਦਾ ਲੇਖਕ ਮੰਨਦਾ ਹੈ। ਉਸ ਦਾ ਕਥਨ ਹੈ, ‘‘ਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਕ ਪੀਲੂ ਭਗਤ ਦਾ ਜ਼ਿਕਰ ਆਉਂਦਾ ਹੈ। ਪੀਲੂ ਹੋਰ ਧਾਰਮਿਕ ਵਿਅਕਤੀਆਂ ਨਾਲ ਆਪਣੀ ਰਚਨਾ ਲੈ ਕੇ ਗੁਰੂ ਅਰਜਨ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ, ਪਰ ਉਸ ਦੀ ਰਚਨਾ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਨਾ ਹੋਣ ਕਰਕੇ ਤੇ ਢਹਿੰਦੀਆਂ ਕਲਾ ਦੀ ਰਚਨਾ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਨਾ ਚੜ੍ਹ ਸਕੀ। ਕੀ ਮਿਰਜ਼ਾ ਸਾਹਿਬਾ ਦਾ ਕਰਤਾ ਪੀਲੂ ਭਗਤ ਸੀ, ਅਜਿਹਾ ਸੰਭਵ ਜਾਪਦਾ ਵੀ ਹੈ। ਮੈਕਾਲਿਫ਼ ਵੀ ਲਿਖਦਾ ਹੈ ਕਿ ਪੀਲੂ, ਕਾਹਨਾ, ਸ਼ਾਹ ਹੁਸੈਨ ਤੇ ਛਜੂ ਗੁਰੂ ਅਰਜਨ ਦੇਵ ਪਾਸ ਆਪਣੀਆਂ ਰਚਨਾਵਾਂ ਲੈ ਕੇ ਆਏ, ਪਰ ਗੁਰੂ ਜੀ ਨੇ ਇਨ੍ਹਾਂ ਚਾਰਾਂ ਦੀ ਰਚਨਾ ਆਦਿ ਗ੍ਰੰਥ ਵਿੱਚ ਸ਼ਾਮਲ ਨਾ ਕੀਤੀ। ਗੁਰੂ ਜੀ ਨੂੰ ਪੀਲੂ ਦੀ ਕਵਿਤਾ ਵਿੱਚ ਨਿਰਾਸ਼ਾਵਾਦ ਦੀ ਝਲਕ ਦਿਖਾਈ ਦਿੱਤੀ।’’ ਕਿਹਾ ਜਾਂਦਾ ਹੈ ਕਿ ਪੀਲੂ ਨੇ ਉਸ ਸਮੇਂ ਹੇਠ ਲਿਖਿਆ ਸਲੋਕ ਸੁਣਾਇਆ :
ਪੀਲੂ ਅਸਾਂ ਨਾਲੋਂ ਸੇ ਭਲੇ, ਜੋ ਜੰਮਦਿਆਂ ਮਰ ਗਏ।
ਉਹਨਾਂ ਚਿੱਕੜ ਪਾਉਂ ਨਾ ਬੋੜਿਆ, ਨਾ ਆਲੂਦ ਭਏ।
ਅਬਦੁੱਲ ਗ਼ਫ਼ੂਰ ਕਰੈਸ਼ੀ ਨੇ ਆਪਣੀ ਪੁਸਤਕ ‘ਪੰਜਾਬੀ ਜ਼ੁਬਾਨ ਦਾ ਅਦਬ ਤੇ ਤਾਰੀਖ਼’ ਵਿੱਚ ਪੀਲੂ ਬਾਰੇ ਲਿਖਿਆ ਹੈ ਕਿ ਪੀਲੂ ਮਾਝੇ ਦਾ ਮੁਸਲਮਾਨ ਜੱਟ ਸੀ, ਜੋ ਗੁਰੂ ਅਰਜਨ ਦੇਵ (1563-1606) ਦਾ ਸਮਕਾਲੀ ਸੀ। ਸਾਹਿਤ ਇਤਿਹਾਸ ਸਬੰਧੀ ਲਿਖੀ ਆਪਣੀ ਦੂਜੀ ਪੁਸਤਕ ‘ਪੰਜਾਬੀ ਅਦਬ ਦੀ ਕਹਾਣੀ’ ਵਿੱਚ ਉਹ ਲਿਖਦੇ ਹਨ, ‘‘ਕਵੀ ਪੀਲੂ ਕੌਮ ਦੇ ਸੰਧੂ ਜੱਟ ਸਨ ਜੋ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨ ਤਾਰਨ ਦੇ ਇੱਕ ਪਿੰਡ ਵਿੱਚ 1580 ਈ. ਦੇ ਨਜ਼ਦੀਕ ਪੈਦਾ ਹੋਏ। ਤਕਰੀਬਨ 95 ਸਾਲ ਦੀ ਉਮਰ ਵਿੱਚ 1675 ਈ. ਨੂੰ ਚਕਵਾਲ ਦੇ ਇੱਕ ਪਿੰਡ ‘ਮਿਹਰੂ ਪੀਲੂ’ ਵਿੱਚ ਸਵਰਗਵਾਸ ਹੋਏ।’’ ਪਾਕਿਸਤਾਨ ਦੇ ਮਸ਼ਹੂਰ ਲੇਖਕ ਤੇ ਆਲੋਚਕ ਡਾ. ਫ਼ਕੀਰ ਮੁਹੰਮਦ ਫ਼ਕੀਰ ਨੇ ਪੀਲੂ ਨੂੰ ਪਿੰਡ ਠੱਟੀ-ਬਲੋਚ ਦਾ ਵਾਸੀ ਮੰਨਿਆ ਹੈ ਜੋ ਜ਼ਿਲ੍ਹਾ ਗੁੱਜਰਾਂਵਾਲਾ ਦੀ ਤਹਿਸੀਲ ਵਜ਼ੀਰਾਬਾਦ ਵਿੱਚ ਸਥਿਤ ਹੈ। ਡਾ. ਵਿਸ਼ਵਾਨਾਥ ਤਿਵਾੜੀ ਨੇ ਆਪਣੇ ਸੋਧ-ਪ੍ਰਬੰਧ ਵਿੱਚ ਪੀਲੂ ਦਾ ਜਨਮ ਸਥਾਨ ਵੈਰੋਵਾਲ, ਜ਼ਿਲ੍ਹਾ ਅੰਮ੍ਰਿਤਸਰ ਲਿਖਿਆ ਹੈ।
ਡਾ. ਪਰਮਿੰਦਰ ਸਿੰਘ ਤੇ ਕ੍ਰਿਪਾਲ ਸਿੰਘ ਕਸੇਲ ਅਨੁਸਾਰ, ‘‘ਪੀਲੂ ਭਗਤ ਤੇ ਪੀਲੂ ਕਿੱਸਾਕਾਰ ਵਿਭਿੰਨ ਵਿਅਕਤੀ ਹਨ।’’ ਪਰ ਉਨ੍ਹਾਂ ਨੇ ਇਨ੍ਹਾਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਡਾ. ਸੁਰਿੰਦਰ ਸਿੰਘ ਕੋਹਲੀ ਵੀ ਪੀਲੂ ਬਾਰੇ ਸਪੱਸ਼ਟ ਨਹੀਂ। ਉਹ ਲਿਖਦਾ ਹੈ ‘‘ਇੱਕ ਪੀਲੂ ਭਗਤ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਏ ਹਨ। ਹੋ ਸਕਦਾ ਹੈ ਇਹ ਉਹ ਹੀ ਹੋਣ ਤੇ ਇਨ੍ਹਾਂ ਬਹੁਤ ਸਾਰੀ ਕਵਿਤਾ ਰਚੀ ਹੋਵੇ ਤੇ ਇਹ ਹੁਣ ਗੁੰਮ ਹੋ ਗਈ ਹੋਵੇ।’’
ਕਿੱਸਾ ਮਿਰਜ਼ਾ ਸਾਹਿਬਾ ਤੋਂ ਇਲਾਵਾ ਪੀਲੂ ਦੀ ਕੋਈ ਹੋਰ ਰਚਨਾ ਉਪਲੱਬਧ ਨਹੀਂ, ਜਿਸ ਤੋਂ ਉਸ ਦੇ ਜੀਵਨ ਬਾਰੇ ਜਾਣਕਾਰੀ ਮਿਲ ਸਕੇ। ਕਿੱਸਾ ਮਿਰਜ਼ਾ ਸਾਹਿਬਾ ਵੀ ਅਧੂਰਾ ਹੈ, ਜਿਸ ਨੂੰ ਸਰ ਰਿਚਰਡ ਟੈਂਪਲ ਨੇ ਕਿਸੇ ਭੱਟ ਕੋਲੋਂ ਸੁਣ ਕੇ ਲਿਖਿਆ। ਪੀਲੂ ਦੇ ਨਾਂ ’ਤੇ ਕੁਝ ਰਚਨਾ ‘ਸ਼ਬਦ ਸਲੋਕ (ਭਗਤਾਂ ਕੇ)’ ਵਿੱਚ ਉਪਲੱਬਧ ਹੈ। ਇਹ ਪੁਸਤਕ ਕਿਸੇ ਅਗਿਆਤ ਵਿਅਕਤੀ ਨੇ ਤਿਆਰ ਕੀਤੀ ਲੱਗਦੀ ਹੈ, ਜੋ ਭਾਸ਼ਾ ਵਿਭਾਗ ਪੰਜਾਬ ਨੇ 1969 ਵਿੱਚ ਛਾਪੀ ਹੈ। ਇਸ ਤੋਂ ਪਹਿਲਾਂ ਇਸ ਨੂੰ ਰਾਇ ਸਾਹਿਬ ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼, ਲਾਹੌਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਪੁਸਤਕ ਵਿੱਚ ਪੀਲੂ ਦੇ ਨਾਂ ’ਤੇ ਮਿਲਦੀ ਰਚਨਾ ਇਸ ਪ੍ਰਕਾਰ ਹੈ :
ੴ ਸਤਿਗੁਰ ਪ੍ਰਸਾਦਿ॥
ਸਲੋਕ।
ਕਲਜੁਗ ਪਹਰਾ ਆਇਆ ਸਭ ਭਲ ਲਗੀ ਭਾਹ॥
ਕੂੜ ਤੁਲੇ ਪੰਜ ਸੇਰੀਏ ਸਚੁ ਮਾਸਾ ਇਕ ਕਵਾਉ॥
ਨੇਕੀਆਂ ਲਭਨ ਭਾਲੀਆਂ ਬਦੀਆਂ ਦੇ ਦਰਿਯਾਉ॥
ਪੀਲੂ ਤੇਰਾ ਮੰਗਤਾ ਤੂ ਸਾਹਿਬੁ ਗੁਨੀਆਉ॥
ਉਹੁ ਜੋ ਦਿਸਨ ਟਾਲੀਆਂ ਸਾਵੇ ਪੱਤ ਕਚੂਰ॥
ਬਹਿ ਬਹਿ ਗਈਆਂ ਮਜਲਸਾਂ ਰਾਣੇ ਰਾਉ ਮਲੂਕ॥
ਜੋਗੀ ਆਸਣਿ ਛੋਡਿਆ ਪਿਛੇ ਰਹੀ ਬਿਭੂਤਿ॥
ਪੀਲੂ ਚਾਰੇ ਕੁੰਡਾ ਪੈ ਰਹੀ ਮਉਤ ਨਿਮਾਨੀ ਦੀ ਕੂਕ॥2।।
ਪੀਲੂ ਪੁਛਦਾ ਟਿਕਰੀ ਤੇਰਾ ਕਉਣ ਮਕਾਨ॥
ਕਿਥੇ ਹਾਥੀ ਘੋੜਿਆਂ ਕਿਥੇ ਲਾਲੁ ਨਿਸ਼ਾਨ॥
ਕਿਥੇ ਮਟ ਸ਼ਰਾਬ ਦੇ ਕਿਥੇ ਨੀਲੁ ਦੁਕਾਨ॥
ਨਾਰੀ ਅਤੇ ਗਭਰੀ ਕਬਰਾਂ ਵਿਚਿ ਇਸਥਾਨੁ॥
ਪੀਲੂ ਪੁਛਦਾ ਟਿਕਰੀ ਕਿਤ ਵਲਿ ਗਇਆ ਜਹਾਨ॥3।।
ਇਹਿ ਮਿਟੀ ਦਾ ਪੁਤਲਾ ਖੋਟ ਵੇ ਲੋਕਾ ਖੋਟ॥
ਸਭ ਕਿਸੇ ਦੋ ਸਿਰਿ ਫੁਰਕਦਾ ਜਮ ਰਾਜੇ ਦਾ ਸੋਟੁ॥4।।
ਮਉਤੇ ਕੋਲੋਂ ਭੰਨਿਆ ਵੜੀਏ ਕੋਹੜੇ ਕੋਟੁ॥
ਸਉਦਾਗਰਾਂ ਪਟਵਾਰੀਆਂ ਦਿਤੋ ਬਾਝ ਨ ਛੋਟੁ॥
ਪੀਲੂ ਅਜ ਕਿ ਕਲ੍ਹ ਢਹੇਸੀਆਂ ਕਿੰਗਰੀਆਲਾ ਕੋਟਿ॥5।।
ਪੀਲੂ ਧਰਤਿ ਚਉਪੜਿ ਜਗਿ ਸਾਰੀਆ ਪਾਸਾ ਢੁਲੋ ਹਮੇਸੁ॥
ਬੰਦਾ ਕਰੇ ਤਕੱਬਰੀ ਸਉਤ ਨ ਚਲਨਿ ਦੋਸ॥
ਅਜਰਾਈਲ ਫਰੇਸ਼ਤਾ ਬਾਜਾਂ ਵਾਂਗ ਤਕੇਸ॥
ਸੁਇਨਾਂ ਰੁਪਾ ਸਾਲੁ ਧਨੁ ਘੜੀ ਫਨਾਹ ਕਰੋਸੁ॥
ਪੀਲੂ ਤਬ ਜਾਣੋਗੀ ਮਛਲੀ ਭੋਲੀ ਜਾਂ ਮਾਛੀ ਜਾਲ ਪਏਸੁ॥6।।
ਪੀਲੂ ਕਿਆ ਹੋਇਆ ਅਕੁ ਫੁਲਿਆ ਨਾ ਉਸ ਮੁਸਕ ਨ ਬਾਸੁ॥
ਭੱਠ ਮੂਰਖ ਦੀ ਦੋਸਤੀ ਜੋ ਸੁਘੜ ਬੇਅਖਲਾਸੁ॥
ਸੁਘੜ ਮਾਰੋ ਸਮਝਿ ਕਰਿ ਮਨ ਵਿਚਿ ਰਖਿ ਤਪਾਸੁ॥
ਮੂਰਖ ਕੰਮ ਨ ਆਂਵਦਾ ਜਿਵ ਹਸਤਿ ਮੁਏ ਦਾ ਮਾਸ॥
ਹਸਤਿ ਮੁਏ ਕੰਮ ਆਂਵਦੇ ਜੋ ਦੰਦੁ ਖਿਚ ਸੁ ਭੰਨਿ॥
ਪੀਲੂ ਸੁਖ ਨ ਬਿਅਕਲ ਦਾ ਜੋ ਡਿਠੇ ਬਾਝ ਨ ਮੰਨਿ॥7।।
ਪੀਲੂ ਅਸਾਂ ਥੋ ਉਹ ਭਲੇ ਜੋ ਜੀਵਦਿਆਂ ਮੁਏ॥
ਉਨ੍ਹਾਂ ਚਿਕੜ ਪਾਉ ਨ ਬੋੜਿਆ ਨ ਅਲੂਦ ਰਲੋ॥
ਵੰਞਿ ਵੜੇ ਦਰਵਾਜਿਓਂ ਤਾਂ ਦਰਬਾਨੁ ਭਲੇ॥
ਚੋਰਾਂ ਪਉਸਨਿ ਮਾਮਲੇ ਉਹੁ ਦੋਖਨਿ ਕੋਲ ਖਲੇ॥8।।
ਅਬਦੁੱਲ ਗ਼ਫ਼ੂਰ ਕਰੈਸ਼ੀ ਨੇ ਹੇਠ ਲਿਖੀਆਂ ਛੇ ਕਲੀਆਂ (ਤੁਕਾਂ) ਪੀਲੂ ਦੀ ਰਚਨਾ ਦੱਸੀਆਂ ਹਨ। ਇਹ ਕਿਸੇ ਲੋਕ-ਗੀਤ ਦਾ ਟੁਕੜਾ ਹੀ ਜਾਪਦਾ ਹੈ।
ਹੁਜਰੇ ਸ਼ਾਹ ਮੁਕੀਮ ਦੇ, ਇੱਕ ਜੱਟੀ ਵੈਣ ਕਰੇ।
ਮੈਂ ਬੱਕਰਾ ਦੇਨੀ ਆਂ ਪੀਰ ਦਾ, ਮੇਰੇ ਸਿਰ ਦਾ ਕੰਤ ਮਰੇ।
ਪੰਜ ਸਤ ਮਰਨ ਗੁਆਂਢਣਾਂ, ਰਹਿੰਦੀਆਂ ਨੂੰ ਤਾਪ ਚੜ੍ਹੇ।
ਹੱਟ ਢਹੇ ਕਿਰਾੜ ਦੀ, ਜਿੱਥੇ ਦੀਵਾ ਨਿੱਤ ਬਲੇ।
ਕੁੱਤੀ ਮਰੇ ਫ਼ਕੀਰ ਦੀ, ਜਿਹੜੀ ਚਊਂ ਚਊਂ ਨਿੱਤ ਕਰੇ।
ਗਲੀਆਂ ਹੋਵਣ ਸੁੰਞੜੀਆਂ, ਵਿੱਚ ਮਿਰਜ਼ਾ ਯਾਰ ਫਿਰੇ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੀਲੂ ਦੀ ਰਚਨਾ ਨਿਰਾਸ਼ਾਵਾਦੀ ਤੇ ਭਾਂਜਵਾਦੀ ਹੈ। ਇਹ ਰਚਨਾ ਉਸ ਦੀ ਪਿਛਲੇਰੀ ਉਮਰ ਦੀ ਲੱਗਦੀ ਹੈ। ਇਹ ਰਚਨਾ ‘ਮਿਰਜ਼ਾ ਸਾਹਿਬਾ’ ਦੇ ਕਿੱਸੇ ਨਾਲ ਵੀ ਮੇਲ ਖਾਂਦੀ ਹੈ। ਇਸ ਲਈ, ਪੀਲੂ ਭਗਤ ਤੇ ਪੀਲੂ ਕਿੱਸਾਕਾਰ ਇੱਕ ਹੀ ਵਿਅਕਤੀ ਹੈ। ਹਾਫ਼ਿਜ਼ ਬਰਖ਼ੁਰਦਾਰ ਅਨੁਸਾਰ ਪੀਲੂ ਨੂੰ ਪੰਜ ਪੀਰਾਂ ਦੀ ਥਾਪਨਾ ਸੀ। ਅਹਿਮਦਬਾਰ ਨੇ ਆਪਣੇ ਤੋਂ ਪਹਿਲਾਂ ਹੋ ਚੁੱਕੇ ਕਵੀਆਂ ਮੁਕਬਲ, ਵਾਰਿਸ ਸ਼ਾਹ, ਹਾਮਦ, ਹਾਫ਼ਿਜ਼ ਬਰਖ਼ੁਰਦਾਰ, ਹਾਸ਼ਮ ਆਦਿ ਮੁਸਲਮਾਨ ਕਵੀਆਂ ਦੇ ਨਾਲ ਪੀਲੂ ਦੀ ਤਾਰੀਫ਼ ਵੀ ਕੀਤੀ ਹੈ।
ਇਸ ਤੋਂ ਸਿੱਧ ਹੁੰਦਾ ਹੈ ਕਿ ਪੀਲੂ ਮੁਸਲਮਾਨ ਧਰਮ ਨਾਲ ਸਬੰਧਿਤ ਸੀ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਮੌਲਾ ਬਖ਼ਸ਼ ਕੁਸ਼ਤਾ ਵੀ ਪੀਲੂ ਨੂੰ ਮੁਸਲਮਾਨ ਜੱਟ ਕਹਿੰਦਾ ਹੈ। ਕੁਸ਼ਤਾ ਅਨੁਸਾਰ, ‘‘ਆਪ ਫ਼ਕੀਰਾਨਾ ਤਬੀਅਤ ਦੇ ਮਾਲਕ ਸਨ। ਜਦ ਜ਼ਰਾ ਜਵਾਨ ਹੋਏ ਤਾਂ ਸੈਰ ਦੇ ਸ਼ੌਕ ਕਾਰਨ ਘਰ ਤੋਂ ਨਿਕਲੇ, ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕਰਨ ਅਤੇ ਸੂਫ਼ੀਆਨਾ ਕਲਾਮ ਸੁਣਨ ਪਿੱਛੋਂ ਆਪ ਫ਼ਕੀਰਾਨਾ ਭੇਸ ਵਿੱਚ ਇਲਾਕਾ ਬਾਰ ਵੱਲ ਚਲੇ ਗਏ, ਜੋ ਮਿੰਟ ਗੁੰਮਰੀ ਤੋਂ ਚਾਲੀ ਕੋਹ ਦੀ ਵਿੱਥ ’ਤੇ ਹੈ ਤੇ ਇਸ ਤਰ੍ਹਾਂ ਮਿਰਜ਼ਾ ਸਾਹਿਬਾ ਦਾ ਚਰਚਾ ਸੁਣਿਆ, ਕਵਿਤਾ ਵਿੱਚ ਲਿਖ ਦਿੱਤਾ। ਬੋਲੀ ਵਿੱਚ ਅਸਰ ਤੇ ਬਿਆਨ ਵਿੱਚ ਸੋਜ਼ ਦੀ। ਇਸ ਲਈ ਕਿੱਸੇ ਨੇ ਛੇਤੀ ਸ਼ੁਹਰਤ ਹਾਸਲ ਕਰ ਲਈ। ਇਸ ਤੋਂ ਪਿੱਛੋਂ ਸਾਂਦਲ ਬਾਰ ਵੱਲ ਚਲੇ ਗਏ ਤੇ ਉੱਧਰ ਹੀ ਕਾਲ ਵਸ ਹੋ ਗਏ।’’
ਇੰਜ ਅਸੀਂ ਇਸ ਨਿਰਣੇ ’ਤੇ ਪਹੁੰਚਦੇ ਹਾਂ ਕਿ ਪੀਲੂ ਭਗਤ ਤੇ ਪੀਲੂ ਕਿੱਸਾਕਾਰ ਇੱਕ ਹੀ ਵਿਅਕਤੀ ਸਨ। ਉਸ ਦਾ ਜਨਮ ਮਾਝੇ ਵਿੱਚ ਕਿਸੇ ਥਾਂ ’ਤੇ ਹੋਇਆ। ਉਹ ਘੁੰਮਦਾ ਘੁੰਮਾਉਂਦਾ ਵਜ਼ੀਰਾਬਾਦ, ਠੱਠੀ ਬਲੋਚਾਂ ਆਦਿ ਗਿਆ। ਕਿੱਸਾ ‘ਮਿਰਜ਼ਾ ਸਾਹਿਬਾ’ ਉਸ ਨੇ ਜਵਾਨੀ ਵਿੱਚ ਲਿਖਿਆ ਤੇ ਪਿੱਛੋਂ ਫ਼ਕੀਰੀ ਧਾਰਨ ਕਰ ਲਈ ਤੇ ਹੋਰ ਕਿੱਸਾ ਨਾ ਲਿਖ ਸਕਿਆ।

Advertisement

ਸੰਪਰਕ: 001- 9375739812

Advertisement
Advertisement