For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਪਹਿਲਵਾਨ ਨੂੰ ਬ੍ਰਿਜ ਭੂਸ਼ਣ ਖ਼ਿਲਾਫ਼ ਪਟੀਸ਼ਨ ਵਾਪਸ ਲੈਣ ਦੀ ਆਗਿਆ

07:27 AM Jul 08, 2023 IST
ਨਾਬਾਲਗ ਪਹਿਲਵਾਨ ਨੂੰ ਬ੍ਰਿਜ ਭੂਸ਼ਣ ਖ਼ਿਲਾਫ਼ ਪਟੀਸ਼ਨ ਵਾਪਸ ਲੈਣ ਦੀ ਆਗਿਆ
Advertisement

ਨਵੀਂ ਦਿੱਲੀ, 7 ਜੁਲਾਈ
ਦਿੱਲੀ ਹਾਈ ਕੋਰਟ ਨੇ ਨਾਬਾਲਗ ਪਹਿਲਵਾਨ, ਜੋ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀਆਂ ਸੱਤ ਮਹਿਲਾ ਪਹਿਲਵਾਨਾਂ ਵਿੱਚ ਸ਼ੁਮਾਰ ਸੀ, ਨੂੰ ਉਚਿਤ/ਸਮਰੱਥ ਕੋਰਟ ਅੱਗੇ ਸੁਣਵਾਈ ਦੀ ਮੰਗ ਕਰਦੀ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦੇ ਦਿੱਤੀ ਹੈ। ਨਾਬਾਲਗ ਪਹਿਲਵਾਨ ਦੇ ਵਕੀਲ ਨੇ ਜਸਟਿਸ ਦਿਨੇਸ਼ ਕੁਮਾਰ ਸ਼ਰਮਾ ਨੂੰ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਟਰਾਇਲ ਕੋਰਟ ਵਿੱਚ ਦਾਇਰ ਕੈਂਸਲੇਸ਼ਨ ਰਿਪੋਰਟ ਕਰਕੇ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਅਰਥਹੀਣ ਹੋ ਗਈ ਹੈ। ਹਾਈ ਕੋਰਟ ਨੇ ਕਿਹਾ, ‘‘ਪਟੀਸ਼ਨਰ ਦੇ ਵਕੀਲ ਦਾ ਦਾਅਵਾ ਹੈ ਕਿ ਕਿਉਂ ਜੋ ਦਿੱਲੀ ਪੁਲੀਸ ਨੇ ਟਰਾਇਲ ਕੋਰਟ ਵਿੱਚ ਕੈਂਸਲੇਸ਼ਨ ਰਿਪੋਰਟ ਦਾਖ਼ਲ ਕੀਤੀ ਹੋਈ ਹੈ ਤੇ ਉਹ ਅੱਗੇ ਇਸ ਪਟੀਸ਼ਨ ਦੀ ਪੈਰਵੀ ਨਹੀਂ ਕਰਨਾ ਚਾਹੁੰਦੇ, ਲਿਹਾਜ਼ਾ ਪਟੀਸ਼ਨ ਨੂੰ ‘ਵਾਪਸ ਲਈ’ ਦੱਸ ਕੇ ਰੱਦ ਕੀਤਾ ਜਾਂਦਾ ਹੈ।’’ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਨਾਬਾਲਗ ਪਹਿਲਵਾਨ ਦੀ ਪਟੀਸ਼ਨ ’ਤੇ ਸੁਣਵਾਈ ਲਈ ਸਮਰੱਥ ਕੋਰਟ ਬਾਰੇ ਫੈਸਲਾ ਕਰਨ ਲਈ 30 ਮਈ ਨੂੰ ਰਜਿਸਟਰਾਰ ਜਨਰਲ, ਦਿੱਲੀ ਸਰਕਾਰ ਤੇ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਸੀ। ਇਹ ਮਸਲਾ ਤਾਂ ਉੱਠਿਆ ਕਿਉਂਕਿ ਨਾਬਾਲਗਾਂ ਖਿਲਾਫ਼ ਜਿਨਸੀ ਅਪਰਾਧਾਂ ਨਾਲ ਸਬੰਧਤ ਕੇਸਾਂ ਦੀ ਸੁਣਵਾਈ ਪੋਕਸੋ ਐਕਟ ਤਹਿਤ ਗਠਿਤ ਵਿਸ਼ੇਸ਼ ਕੋਰਟ ਵੱਲੋਂ ਕੀਤੀ ਜਾਂਦੀ ਹੈ। ਪੋਕਸੋ ਕੇਸਾਂ ਦੀ ਸੁਣਵਾਈ ਪਟਿਆਲਾ ਹਾਊਸ ਕੋਰਟ ਦਾ ਅਧਿਕਾਰ ਖੇਤਰ ਹੈ। ਜਦੋਂਕਿ ਕਾਨੂੰਨਸਾਜ਼ਾਂ ਦੀ ਸ਼ਮੂਲੀਅਤ ਵਾਲੇ ਕੇਸਾਂ ਦੀ ਸੁਣਵਾਈ ਰਾਊਜ਼ ਐਵੇਨਿਊ ਕੋਰਟ ਕੰਪਲੈਕਸ ਵਿੱਚ ਸਥਿਤ ਵਿਸ਼ੇਸ਼ ਐੱਮਪੀ/ਐੱਮਐੱਲਏ ਕੋਰਟ ਵੱਲੋਂ ਕੀਤੀ ਜਾਂਦੀ ਹੈ। -ਪੀਟੀਆਈ

Advertisement

ਕੋਰਟ ਨੇ ਬ੍ਰਿਜ ਭੂਸ਼ਣ ਤਲਬ ਕੀਤਾ
ਨਵੀਂ ਦਿੱਲੀ: ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਕੇਸ ਵਿੱਚ ਦਿੱਲੀ ਦੀ ਅਦਾਲਤ ਨੇ ਭਾਜਪਾ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦਾ ਅਹੁਦਾ ਛੱਡ ਰਹੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ 18 ਜੁਲਾਈ ਨੂੰ ਤਲਬ ਕੀਤਾ ਹੈ। ਅਦਾਲਤ ਨੇ ਕਿਹਾ ਕਿ ਸਿੰਘ ਖਿਲਾਫ਼ ਕਾਰਵਾਈ ਲਈ ਕਾਫ਼ੀ ਸਬੂਤ ਮੌਜੂਦ ਹਨ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਦਿੱਲੀ ਪੁਲੀਸ ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਸਿੰਘ ਨੂੰ 18 ਜੁਲਾਈ ਨੂੰ ਕੋਰਟ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਕੋਰਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਅੱਤਲ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਤਲਬ ਕੀਤਾ ਹੈ। ਕੋਰਟ ਨੇ ਕਨਾਟ ਪਲੇਸ ਪੁਲੀਸ ਥਾਣੇ ਦੇ ਐੱਸਐੱਚਓ ਨੂੰ ਹਦਾਇਤ ਕੀਤੀ ਕਿ ਉਹ ਦੋਵਾਂ ਮੁਲਜ਼ਮਾਂ ਤੱਕ ਸੰਮਨਾਂ ਦੀ ਤਾਮੀਲ ਯਕੀਨੀ ਬਣਾਏ। ਜੱਜ ਨੇ ਕਿਹਾ ਕਿ ਮੁਲਜ਼ਮ ਦਿੱਲੀ ਵਿੱਚ ਹੀ ਰਹਿ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਅਗਲੇ ਦਿਨਾਂ ’ਚ ਸੰਮਨ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਬ੍ਰਿਜ ਭੂਸ਼ਣ ਖਿਲਾਫ਼ 15 ਜੂਨ ਨੂੰ ਆਈਪੀਸੀ ਦੀਆਂ ਧਾਰਾਵਾਂ 354, 354ਏ, 354ਡੀ ਤੇ 506 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਸੀ ਜਦੋਂਕਿ ਤੋਮਰ ਖਿਲਾਫ਼ ਆਈਪੀਸੀ ਦੀ ਧਾਰਾ 109, 354, 354ਏ ਤੇ 506 ਤਹਿਤ ਦੋਸ਼ ਆਇਦ ਕੀਤੇ ਗਏ ਸਨ। ਸਿੰਘ ਖਿਲਾਫ਼ ਇਸ ਮੌਜੂਦਾ ਕੇਸ ਤੋਂ ਇਲਾਵਾ ਨਾਬਾਲਗ ਮਹਿਲਾ ਪਹਿਲਵਾਨ ਦੀ ਸ਼ਿਕਾਇਤ ’ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਨਾਬਾਲਗ ਉਨ੍ਹਾਂ ਸੱਤ ਮਹਿਲਾ ਪਹਿਲਵਾਨਾਂ ’ਚ ਸ਼ਾਮਲ ਸੀ, ਜਿਨ੍ਹਾਂ ਸਿੰਘ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਇਨ੍ਹਾਂ ਦੋਵਾਂ ਐੱਫਆਈਆਰ’ਜ਼ ਵਿੱਚ ਗਲਤ ਢੰਗ ਨਾਲ ਛੂਹਣ, ਟੋਹਣ, ਪਿੱਛਾ ਕਰਨ ਤੇ ਡਰਾਉਣ ਧਮਕਾਉਣ ਨਾਲ ਜੁੜੀਆਂ ਪਿਛਲੇ ਇਕ ਦਹਾਕੇ ਵਿੱਚ ਕਥਿਤ ਜਿਨਸੀ ਸ਼ੋਸ਼ਣ ਦੀਆਂ ਵੱਖ ਵੱਖ ਘਟਨਾਵਾਂ ਦਾ ਜ਼ਿਕਰ ਹੈ। ਕੋਰਟ ਨੇ ਨਾਬਾਲਗ ਪਹਿਲਵਾਨ ਦੇ ਕੇਸ ਵਿੱਚ ਦਿੱਲੀ ਪੁਲੀਸ ਵੱਲੋਂ ਕੇਸ ਰੱਦ ਕਰਨ ਲਈ ਦਾਇਰ ਫਾਈਨਲ ਰਿਪੋਰਟ ’ਤੇ 4 ਜੁਲਾਈ ਨੂੰ ਲੜਕੀ ਤੇ ਸ਼ਿਕਾਇਤਕਰਤਾ ਤੋਂ ਜਵਾਬ ਮੰਗਿਆ ਸੀ। ਦਿੱਲੀ ਪੁਲੀਸ ਨੇ ਸਿੰਘ ਖਿਲਾਫ਼ ਪੋਕਸੋ ਐਕਟ ਤਹਿਤ ਦਰਜ ਐੱਫਆਈਆਰ ਰੱਦ ਕਰਵਾਉਣ ਲਈ ਪਿਛਲੇ ਮਹੀਨੇ 15 ਜੂਨ ਨੂੰ ਰਿਪੋਰਟ ਦਾਖਲ ਕੀਤੀ ਸੀ।
ਅਜਿਹੀ ਰਿਪੋਰਟ ਉਨ੍ਹਾਂ ਕੇਸਾਂ ਵਿੱਚ ਦਾਖਲ ਕੀਤੀ ਜਾਂਦੀ ਹੈ, ਜਿੱਥੇ ਜਾਂਚ ਮਗਰੋਂ ਪੁਲੀਸ ਕੋਈ ਠੋਸ ਸਬੂਤ ਲੱਭਣ ਵਿੱਚ ਨਾਕਾਮ ਰਹਿੰਦੀ ਹੈ। ਚੇਤੇ ਰਹੇ ਕਿ ਨਾਬਾਲਗ ਪਹਿਲਵਾਨ ਦੇ ਪਿਤਾ ਨੇ ਪੁਲੀਸ ਕੋਲ ਦਰਜ ਆਪਣੇ ਬਿਆਨਾਂ ਤੋਂ ਮੁੱਕਰਦਿਆਂ ਕਿਹਾ ਸੀ ਕਿ ਉਸ ਤੇ ਉਹਦੀ ਧੀ ਨੇ ਸਿੰਘ ਖਿਲਾਫ਼ ਜਿਨਸੀ ਸ਼ੋਸ਼ਣ ਦੀ ‘ਝੂਠੀ’ ਸ਼ਿਕਾਇਤ ਦਰਜ ਕੀਤੀ ਸੀ। ਪੁਲੀਸ ਹੁਣ ਤੱਕ ਸਿੰਘ ਤੋਂ ਦੋ ਵਾਰ ਪੁੱਛ-ਪੜਤਾਲ ਕਰ ਚੁੱਕੀ ਹੈ ਤੇ ਦੋਵਾਂ ਮੌਕਿਆਂ ’ਤੇ ਉਸ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਸੀ ਕਿ ਉਸ ਨੂੰ ‘ਫਸਾਇਆ’ ਗਿਆ ਹੈ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×