ਚਰਿੱਤਰ ’ਤੇ ਸ਼ੱਕ ਕਾਰਨ ਮੰਗੇਤਰ ਵੱਲੋਂ ਨਾਬਾਲਗ ਦਾ ਕਤਲ
ਹਤਿੰਦਰ ਮਹਿਤਾ
ਜਲੰਧਰ, 12 ਜਨਵਰੀ
ਇੱਥੋਂ ਦੇ ਰਾਮਾਂਮੰਡੀ ਨੇੜੇ ਢਿੱਲਵਾਂ ’ਚ ਚਰਿੱਤਰ ’ਤੇ ਸ਼ੱਕ ਕਾਰਨ 14 ਸਾਲਾ ਲੜਕੀ ਦੀ ਉਸ ਦੇ ਮੰਗੇਤਰ ਨੇ ਦੋ ਦੋਸਤਾਂ ਨਾਲ ਮਿਲ ਕੇ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਇਸ ਮਗਰੋਂ ਲਾਸ਼ ਖੂਹ ਵਿੱਚ ਸੁੱਟ ਦਿੱਤੀ। ਇਸ ਸਬੰਧੀ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਤੀਜੇ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਪੁਲੀਸ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਹੱਤਿਆ ਚਰਿੱਤਰ ’ਤੇ ਸ਼ੱਕ ਹੋਣ ਕਾਰਨ ਕੀਤੀ ਗਈ ਜਾਪਦੀ ਹੈ। 9 ਜਨਵਰੀ ਨੂੰ ਵਾਪਰੀ ਇਸ ਘਟਨਾ ਦਾ ਬੀਤੀ ਦੇਰ ਰਾਤ ਉਸ ਸਮੇਂ ਪਤਾ ਲੱਗਾ ਜਦੋਂ ਲੜਕੀ ਦੀ ਲਾਸ਼ ਖੂਹ ਦੇ ਅੰਦਰ ਇਕ ਚਟਾਈ ’ਚ ਲਪੇਟੀ ਹੋਈ ਮਿਲੀ। ਪੀੜਤਾ ਮੂਲ ਰੂਪ ਵਿੱਚ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਜਲੰਧਰ ਵਿੱਚ ਰਹਿ ਰਹੀ ਸੀ ਜਿਸ ਦੀ ਡੇਢ ਮਹੀਨਾ ਪਹਿਲਾਂ 14 ਸਾਲਾ ਲੜਕੇ ਨਾਲ ਮੰਗਣੀ ਹੋਈ ਸੀ।
ਸਥਾਨਕ ਲੋਕਾਂ ਨੇ ਖੂਹ ’ਚ ਲਾਸ਼ ਮਿਲਣ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਥਾਣਾ ਰਾਮਾਂ ਮੰਡੀ ਪਰਮਿੰਦਰ ਸਿੰਘ ਤੇ ਦਕੋਹਾ ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਖੁਲਾਸਾ ਕੀਤਾ ਕਿ ਪੀੜਤਾ ਨੂੰ ਆਖਰੀ ਵਾਰ 9 ਜਨਵਰੀ ਨੂੰ ਦੇਖਿਆ ਗਿਆ ਸੀ ਜਦੋਂ ਉਸ ਦਾ ਮੰਗੇਤਰ ਉਸ ਨੂੰ ਬਰਗਰ ਦੀ ਦੁਕਾਨ ’ਤੇ ਲੈ ਗਿਆ ਸੀ। ਉਸ ਤੋਂ ਬਾਅਦ ਉਹ ਘਰ ਨਹੀਂ ਪਰਤੀ। ਉਨ੍ਹਾਂ ਦੱਸਿਆ ਕਿ ਉਸ ਦੇ ਮੰਗੇਤਰ ਨੇ ਦੋ ਦੋਸਤਾਂ ਨਾਲ ਮਿਲ ਕੇ ਲੜਕੀ ਦੀ ਗਲ ਘੁੱਟ ਕੇ ਹੱਤਿਆ ਕੀਤੀ ਤੇ ਉਸ ਦੀ ਲਾਸ਼ ਨੂੰ ਖੂਹ ਵਿਚ ਸੁੱਟ ਦਿੱਤਾ।