Pakistan's Punjab province ਲਹਿੰਦੇ ਪੰਜਾਬ ’ਚ ਨਾਬਾਲਗ ਕੁੜੀਆਂ ਨੇ ਪਿਓ ਨੂੰ ਜਿਊਂਦਾ ਸਾੜਿਆ
ਲਾਹੌਰ, 7 ਜਨਵਰੀ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਦੋ ਨਾਬਾਲਗ ਕੁੜੀਆਂ ਨੇ ਕਥਿਤ ਜਿਨਸੀ ਦੁਰਾਚਾਰ ਕਰਨ ਵਾਲੇ ਪਿਤਾ ਨੂੰ ਅੱਗ ਲਾ ਕੇ ਸਾੜ ਦਿੱਤਾ। ਪੁਲੀਸ ਨੇ ਕਿਹਾ ਕਿ ਇਹ ਘਟਨਾ ਲਾਹੌਰ ਤੋਂ ਕਰੀਬ 80 ਕਿਲੋਮੀਟਰ ਦੂਰ ਗੁੱਜਰਾਂਵਾਲਾ ਦੇ ਮੁਗਲ ਚੌਕ ਦੀ ਹੈ। ਪੁਲੀਸ ਨੇ ਕਿਹਾ ਕਿ ਅਲੀ ਅਕਬਰ (48) ਨੇ ਤਿੰਨ ਨਿਕਾਹ ਕੀਤੇ ਸਨ, ਜਿਸ ਤੋਂ ਉਸ ਦੇ ਦਸ ਬੱਚੇ ਸਨ। ਅਕਬਰ ਦੀ ਪਹਿਲੀ ਬੇਗ਼ਮ ਦਾ ਇੰਤਕਾਲ ਹੋ ਗਿਆ ਸੀ ਤੇ ਉਹ ਆਪਣੀਆਂ ਬਾਕੀ ਦੋ ਬੇਗ਼ਮਾਂ ਤੇ ਬੱਚਿਆਂ ਨਾਲ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ।
ਪੁਲੀਸ ਮੁਤਾਬਕ ਅਕਬਰ ਸੋਮਵਾਰ ਨੂੰ ਸੁੱਤਾ ਪਿਆ ਸੀ ਜਦੋਂ ਉਸ ਦੀਆਂ 12 ਤੇ 15 ਸਾਲ ਦੀਆਂ ਧੀਆਂ ਨੇ ਪੈਟਰੋਲ ਛਿੜਕ ਕੇ ਉੁਸ ਨੂੰ ਅੱਗ ਲਾ ਦਿੱਤੀ। ਇਸ ਘਟਨਾ ਵਿਚ ਅਕਬਰ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਪੁਲੀਸ ਨੇ ਦੋਵਾਂ ਕੁੜੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੇ ਬਿਆਨ ਕਲਮਬੱਧ ਕੀਤੇ ਹਨ। ਕੁੜੀਆਂ ਨੇ ਕਿਹਾ ਕਿ ਉਨ੍ਹਾਂ ਦਾ ਵਾਲਿਦ ਉਨ੍ਹਾਂ ਨਾਲ ਜਿਨਸੀ ਦੁਰਾਚਾਰ ਕਰਦਾ ਸੀ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਵਾਲਿਦ, ਜੋ ਸਾਡੇ ਨਾਲ ਜਿਨਸੀ ਦੁਰਾਚਾਰ ਕਰਦਾ ਸੀ, ਨੂੰ ਮਾਰਨ ਦੀ ਯੋਜਨਾ ਘੜੀ। ਅਸੀਂ ਵਾਲਿਦ ਦੀ ਬਾਈਕ ’ਚੋਂ ਪੈਟਰੋਲ ਕੱਢਿਆ ਤੇ ਉਨ੍ਹਾਂ ’ਤੇ ਛਿੜਕ ਕੇ ਅੱਗ ਲਾ ਦਿੱਤੀ।’’ ਪੁਲੀਸ ਨੇ ਕਿਹਾ ਕਿ ਉਹ ਕਤਲ ਦਾ ਕੇਸ ਦਰਜ ਕਰਨ ਤੋਂ ਪਹਿਲਾਂ ਪੀੜਤ ਦੀਆਂ ਦੋਵਾਂ ਬੇਗ਼ਮਾਂ ਦੇ ਬਿਆਨ ਦਰਜ ਕਰਨਗੇ। -ਪੀਟੀਆਈ