ਜ਼ਿਮਨੀ ਚੋਣ ਵਿਚ ਵਿਧਾਇਕ ਵੱਲੋ ਜਾਅਲੀ ਵੋਟ ਭੁਗਤਾਉਣ ਕਾਰਨ ਮਾਮੂਲੀ ਤਕਰਾਰ
ਦਵਿੰਦਰ ਸਿੰਘ ਭੰਗੂ
ਰਈਆ, 21 ਦਸੰਬਰ
ਨਗਰ ਪੰਚਾਇਤ ਰਈਆ ਦੀ ਜ਼ਿਮਨੀ ਚੋਣ ਵਿਚ ਮੌਜੂਦਾ ਵਿਧਾਇਕ ਵੱਲੋਂ ਜਾਅਲੀ ਵੋਟ ਭੁਗਤਾਉਣ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸੱਤਾਧਾਰੀ ਪਾਰਟੀ ਦੇ ਵਰਕਰਾਂ ਵਿਚ ਮਾਮੂਲੀ ਤਕਰਾਰ ਹੋ ਗਈ। ਜਾਣਕਾਰੀ ਅਨੁਸਾਰ ਨਗਰ ਪੰਚਾਇਤ ਵਾਰਡ ਨੰਬਰ 13 ਦੀ ਜ਼ਿਮਨੀ ਚੋਣ ਵਿਚ ਸੱਤਾਧਾਰੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਗ ਨੇ ਵੱਡੇ ਕਾਫ਼ਲੇ ਦੇ ਰੂਪ ਵਿਚ ਪੋਲਿੰਗ ਸਟੇਸ਼ਨ ਦੇ ਅੰਦਰ ਜਾ ਕੇ ਦੋ ਤਿੰਨ ਜਾਅਲੀ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਕਾਂਗਰਸੀ ਵਰਕਰਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਕਾਰਨ ਸੱਤਾਧਾਰੀ ਪਾਰਟੀ ਤੇ ਕਾਂਗਰਸੀ ਵਰਕਰਾਂ ਵਿਚਕਾਰ ਤਿੱਖੀ ਝੜਪ ਹੋ ਗਈ। ਕਾਂਗਰਸੀ ਕੌਂਸਲਰ ਗੁਰਹਰਵਿੰਦਰ ਸਿੰਘ ਰੌਬਿਨ ਮਾਨ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਵਲੋ ਜਾਅਲੀ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਇਸ ਦਾ ਵਿਰੋਧ ਕਰਨ ਦੇ ਬਾਵਜੂਦ ਪੋਲਿੰਗ ਸਟੇਸ਼ਨ ’ਚ ਤਾਇਨਾਤ ਅਮਲੇ ਵੱਲੋਂ ਇਕ ਵੋਟ ਪੁਆ ਦਿੱਤੀ ਗਈ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਭੇਜ ਦਿੱਤੀ ਹੈ।