ਸ਼ਿਮਲਾ ਦੇ ਰੋਹੜੂ ਕਸਬੇ ਵਿਚ ਚਿਪਸ ਚੋਰੀ ਕਰਦਿਆਂ ਫੜੇ ਨਾਬਾਲਗ ਨੂੰ ਨਿਰਵਸਤਰ ਕਰਕੇ ਘੁਮਾਇਆ
ਸ਼ਿਮਲਾ, 6 ਅਗਸਤ
ਸ਼ਿਮਲਾ ਜ਼ਿਲ੍ਹੇ ਵਿੱਚ 15 ਸਾਲਾ ਲੜਕੇ ਨੂੰ ਦੁਕਾਨ ’ਚੋਂ ਚਿਪਸ ਚੋਰੀ ਕਰਦਿਆਂ ਫੜਨ ’ਤੇ ਪਹਿਲਾਂ ਉਸ ਨੂੰ ਕਥਿਤ ਕੁੱਟਿਆ ਗਿਆ ਤੇ ਮਗਰੋਂ ਨਿਰਵਸਤਰ ਕਰਕੇ ਘੁਮਾਇਆ ਗਿਆ। ਪੁਲੀਸ ਨੇ ਇਸ ਸਬੰਧ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਮਲਾ ਦੇ ਐੱਸਪੀ ਸੰਜੀਵ ਗਾਂਧੀ ਨੇ ਦੱਸਿਆ ਕਿ ਇਹ ‘ਸ਼ਰਮਨਾਕ’ ਘਟਨਾ 31 ਜੁਲਾਈ ਦੀ ਹੈ। ਨਾਬਾਲਗ ਲੜਕਾ ਗਰੀਬ ਨੇਪਾਲੀ ਪਰਿਵਾਰ ਨਾਲ ਸਬੰਧਤ ਹੈ ਤੇ ਰੋਹੜੂ ਕਸਬੇ ਵਿੱਚ ਦੁਕਾਨਦਾਰ ਨੇ ਉਸ ਨੂੰ ਚਿੱਪਸ ਚੋਰੀ ਕਰਦਿਆਂ ਫੜਿਆ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਨਾਬਾਲਗ ਨੂੰ ਨਿਰਵਸਤਰ ਕਰਕੇ ਘੁਮਾਉਣ ਦੀ ਵੀਡੀਓ ਆਨਲਾਈਨ ਸਾਹਮਣੇ ਆਉਣ ਮਗਰੋਂ ਪੀੜਤ ਦੇ ਪਿਤਾ ਦੀ ਸ਼ਿਕਾਇਤ ’ਤੇ ਸੱਤ ਵਿਅਕਤੀਆਂ ਖਿਲਾਫ਼ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ, ਪੋਕਸੋ ਐਕਟ ਦੀ ਧਾਰਾ 14 ਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਧਰ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ ਅਜਿਹੀ ਘਿਣਾਉਣੀ ਕਾਰਵਾਈ ਨੂੰ ਦੇਵ ਭੂਮੀ ਹਿਮਾਚਲ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ। -ਪੀਟੀਆਈ