ਸੂਚਨਾ ਤਕਨੀਕ ਮੰਤਰਾਲੇ ਵੱਲੋਂ ਗੂਗਲ ਨੂੰ ਨੋਟਿਸ ਭੇਜਣ ਦੀ ਤਿਆਰੀ
ਅਜੈ ਬੈਨਰਜੀ
ਨਵੀਂ ਦਿੱਲੀ, 23 ਫਰਵਰੀ
ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕ ਮੰਤਰਾਲੇ ਵੱਲੋਂ ਗੂਗਲ ਨੂੰ ਉਸ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਪਲੈਟਫਾਰਮ ਜੈਮਨਾਈ ਨੂੰ ਵਿਵਾਦਤ ਤੇ ਸੰਭਾਵੀ ਗੈਰਕਾਨੂੰਨੀ ਜਵਾਬ ਦੇਣ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਵਰਤੋਂਕਾਰ ਨੇ ਐਕਸ ’ਤੇ ਇਸ ਸਬੰਧੀ ਸਕਰੀਨ ਸ਼ਾਟ ਸਾਂਝਾ ਕੀਤਾ ਹੈ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਸਵਾਲ ਪੁੱਛੇ ਜਾਣ ’ਤੇ ਇਤਰਾਜ਼ਯੋਗ ਜਵਾਬ ਦਿੱਤਾ ਗਿਆ। ਇਸ ਸਬੰਧੀ ਸਾਂਝੇ ਕੀਤੇ ਗਏ ਸਕਰੀਨ ਸ਼ਾਟ ਵਿੱਚ ਵਰਤੋਂਕਾਰ ਨੇ ਜੈਮਨਾਈ ਨੂੰ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਮੋਦੀ ‘ਫਾਸ਼ੀਵਾਦੀ’ ਹਨ ਤਾਂ ਉਸ ਨੇ ਜਵਾਬ ਦਿੱਤਾ ਕਿ ਉਨ੍ਹਾਂ ’ਤੇ ਉਹ ਨੀਤੀਆਂ ਲਾਗੂ ਕਰਨ ਦਾ ਦੋਸ਼ ਲਾਇਆ ਗਿਆ ਹੈ ਜਿਨ੍ਹਾਂ ਨੂੰ ਕੁਝ ਮਾਹਿਰਾਂ ਨੇ ‘ਫਾਸ਼ੀਵਾਦੀ’ ਦੱਸਿਆ ਹੈ। ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਅਜਿਹਾ ਹੀ ਸਵਾਲ ਪੁੱਛਿਆ ਗਿਆ ਤਾਂ ਜੈਮਨਾਈ ਨੇ ਵਰਤੋਂਕਾਰ ਨੂੰ ਸਹੀ ਜਾਣਕਾਰੀ ਲਈ ਗੂਗਲ ’ਤੇ ਜਾਣ ਲਈ ਕਿਹਾ। ਇਸ ਸਬੰਧੀ ਸੂਚਨਾ ਤਕਨੀਕ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਐਕਸ ’ਤੇ ਕਿਹਾ, ‘ਇਹ ਕਾਰਵਾਈ ਸਿੱਧੇ ਤੌਰ ’ਤੇ ਆਈਟੀ ਐਕਟ ਤੇ ਅਪਰਾਧ ਕਾਨੂੰਨ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਹੈ।’ ਜ਼ਿਕਰਯੋਗ ਹੈ ਕਿ ਗੂਗਲ ਦੇ ਏਆਈ ਪਲੈਟਫਾਰਮ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਬਾਰੇ ਪੁੱਛੇ ਗਏ ਸਵਾਲਾਂ ਬਾਰੇ ਵਿਵਾਦਤ ਜਵਾਬ ਦਿੱਤੇ ਹਨ। ਜੈਮਨਾਈ ਤੇ ਚੈਟਜੀਪੀਟੀ ਜਿਹੇ ਏਆਈ ਪਲੈਟਫਾਰਮਾਂ ਨੂੰ ਕੰਟਰੋਲ ਕਰਨ ਵਾਲੇ ਕਾਨੂੰਨੀ ਢਾਂਚੇ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਤੇ ਤਕਨੀਕੀ ਕਾਰਪੋਰੇਸ਼ਨਾਂ ਵਿਚਾਲੇ ਟਕਰਾਅ ਚੱਲ ਰਿਹਾ ਹੈ।