ਵਿਦੇਸ਼ ਮੰਤਰਾਲੇ ਵੱਲੋਂ ਨਾਗਰਿਕਾਂ ਨੂੰ Syria ਦੀ ਯਾਤਰਾ ਤੋਂ ਬਚਣ ਦੀ ਸਲਾਹ
ਨਵੀਂ ਦਿੱਲੀ, 7 ਦਸੰਬਰ
ਭਾਰਤ ਨੇ ਸੀਰੀਆ ਵਿੱਚ ਚੱਲ ਰਹੀ ਹਿੰਸਾ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਸੀਰੀਆ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸ਼ੁੱਕਰਵਾਰ ਨੂੰ ਜਾਰੀ ਇੱਕ ਸਲਾਹ ਵਿੱਚ ਵਿਦੇਸ਼ ਮੰਤਰਾਲੇ (MEA) ਨੇ ਸੀਰੀਆ ਵਿੱਚ ਰਹਿ ਰਹੇ ਭਾਰਤੀਆਂ ਨੂੰ ਵੀ ਦਮਸ਼ਕ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ।
ਇਸਲਾਮਿਕ ਵਿਦਰੋਹੀਆਂ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲੇਪੋ ਦੇ ਜ਼ਿਆਦਾਤਰ ਹਿੱਸੇ ’ਤੇ ਕਬਜ਼ਾ ਕਰਨ ਤੋਂ ਬਾਅਦ ਵੀਰਵਾਰ ਨੂੰ ਮੱਧ ਸੀਰੀਆ ਦੇ ਹੋਮਸ ਸ਼ਹਿਰ ’ਤੇ ਲਗਭਗ ਕਬਜ਼ਾ ਕਰ ਲਿਆ ਹੈ। ਹਜ਼ਾਰਾਂ ਲੋਕ ਹੋਮਸ ਤੋਂ ਭੱਜ ਰਹੇ ਹਨ। ਵਿਦੇਸ਼ ਮੰਤਰਾਲਾ ਨੇ ਕਿਹਾ, "ਸੀਰੀਆ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਭਾਰਤੀ ਨਾਗਰਿਕਾਂ ਨੂੰ ਅਗਲੀ ਸੂਚਨਾ ਤੱਕ ਸੀਰੀਆ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।" "ਇਸ ਵੇਲੇ ਸੀਰੀਆ ਵਿੱਚ ਭਾਰਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਦਮਸ਼ਕ ਵਿੱਚ ਭਾਰਤੀ ਦੂਤਾਵਾਸ ਨਾਲ ਉਨ੍ਹਾਂ ਦੇ ਐਮਰਜੈਂਸੀ ਹੈਲਪਲਾਈਨ ਨੰਬਰ +963 993385973 (ਵਟਸਐਪ 'ਤੇ ਵੀ) ਅਤੇ ਅੱਪਡੇਟ ਲਈ ਈਮੇਲ ਆਈਡੀ hoc.damascus@mea.gov.in 'ਤੇ ਸੰਪਰਕ ਵਿੱਚ ਰਹਿਣ।"
ਸਲਾਹ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਲਈ ਸੰਭਵ ਹੈ, ਸਭ ਤੋਂ ਜਲਦੀ ਉਪਲਬਧ ਵਪਾਰਕ ਉਡਾਣਾਂ ਦੁਆਰਾ ਰਵਾਨਾ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਹੋਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਸੁਰੱਖਿਆ ਬਾਰੇ ਬਹੁਤ ਚੌਕਸੀ ਵਰਤਣ। ਪੀਟੀਆਈ