ਰੱਖਿਆ ਮੰਤਰਾਲੇ ਵੱਲੋਂ ਸੁਖੋਈ ਲਈ 240 ਐਰੋ ਇੰਜਣ ਖਰੀਦਣ ਨੂੰ ਹਰੀ ਝੰਡੀ
ਨਵੀਂ ਦਿੱਲੀ, 9 ਸਤੰਬਰ
ਕੇਂਦਰੀ ਰੱਖਿਆ ਮੰਤਰਾਲੇ ਨੇ ਏਅਰੋਸਪੇਸ ਕੰਪਨੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚਏਐੱਲ) ਨਾਲ 26,000 ਕਰੋੜ ਰੁਪਏ ਦੇ ਸੌਦੇ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜੋ ਸੂ-30ਐੱਮਕੇਆਈ ਜਹਾਜ਼ਾਂ ਲਈ 240 ਐਰੋ ਇੰਜਣ ਮੁਹੱਈਆ ਕਰਵਾਏਗਾ। ਇਹ ਇੰਜਣ ਐੱਚਏਐੱਲ ਦੇ ਕੋਰਾਪੁਟ ਡਿਵੀਜ਼ਨ ਵੱਲੋਂ ਤਿਆਰ ਕੀਤੇ ਜਾਣਗੇ ਅਤੇ ਭਾਰਤੀ ਹਵਾਈ ਸੈਨਾ ਦੇ ਸੂ-30 ਬੇੜੇ ਦੀ ਸੰਚਾਲਨ ਸਮਰੱਥਾ ਨੂੰ ਕਾਇਮ ਰੱਖਣ ਲਈ ਮਦਦਗਾਰ ਹੋਣਗੇ। ਰੱਖਿਆ ਮੰਤਰਾਲੇ ਨੇ 26,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇੰਜਣਾਂ ਲਈ ਐੱਚਏਐੱਲ ਨਾਲ ਅੱਜ ਇਕਰਾਰਨਾਮੇ ’ਤੇ ਹਸਤਾਖਰ ਕੀਤੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਹ ਸਾਡੀ ਮੇਕ ਇਨ ਇੰਡੀਆ ਮੁਹਿੰਮ ਵਿੱਚ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ ਹੈ। ਇਹ ਭਾਰਤ ਵਿੱਚ ਏਅਰੋ-ਇੰਜਣ ਨਿਰਮਾਣ ਨੂੰ ਮਜ਼ਬੂਤ ਕਰੇਗਾ ਅਤੇ ਆਤਮਨਿਰਭਰਤਾ ਦੇ ਸਾਡੇ ਉਦੇਸ਼ ਨੂੰ ਹੁਲਾਰਾ ਦੇਵੇਗਾ। ਇਸ ਮੌਕੇ ਰੱਖਿਆ ਸਕੱਤਰ ਗਿਰਧਰ ਅਰਮਾਨੇ ਅਤੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਵੀ ਮੌਜੂਦ ਸਨ। ਰੱਖਿਆ ਮੰਤਰਾਲੇ ਅਨੁਸਾਰ ਐੱਚਏਐੱਲ ਵੱਲੋਂ ਸਾਰੇ 240 ਇੰਜਣਾਂ ਦੀ ਸਪਲਾਈ ਅਗਲੇ ਅੱਠ ਸਾਲਾਂ ਵਿਚ ਯਕੀਨੀ ਬਣਾਈ ਜਾਵੇਗੀ। -ਪੀਟੀਆਈ