ਮੈਗਾ ਪੀਟੀਐੱਮ ਦੌਰਾਨ ਮੰਤਰੀਆਂ ਵੱਲੋਂ ਸਕੂਲਾਂ ਦੇ ਦੌਰੇ
ਐੱਨਪੀ ਧਵਨ
ਪਠਾਨਕੋਟ, 22 ਅਕਤੂਬਰ
ਸਰਕਾਰੀ ਸਕੂਲ ਆਫ ਐਮੀਨੈਂਸ ਲਮੀਨੀ ਨੂੰ ਅਸੈਂਬਲੀ ਹਾਲ, ਲਾਇਬ੍ਰੇਰੀ ਤੇ ਮੁੱਢਲੇ ਢਾਂਚੇ ਦਾ ਨਵੀਨੀਕਰਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਧੀਆ ਮਾਹੌਲ ਮਿਲ ਸਕੇ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੈਗਾ ਪੀਟੀਐਮ (ਅਧਿਆਪਕ-ਮਾਪੇ) ਮੀਟਿੰਗ ਦੌਰਾਨ ਸਕੂਲ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਕੋਲ ਪ੍ਰਗਟ ਕੀਤਾ। ਉਨ੍ਹਾਂ ਇਸ ਸਕੂਲ ਵਿੱਚ ਪੜ੍ਹਾਈ, ਮਾਹੌਲ ਤੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਬਾਰੇ ਪੂਰੀ ਡੂੰਘਾਈ ਨਾਲ ਬੱਚਿਆਂ ਅਤੇ ਮਾਪਿਆਂ ਕੋਲੋਂ ਜਾਣਕਾਰੀ ਹਾਸਲ ਕੀਤੀ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨਰੋਟ ਜੈਮਲ ਸਿੰਘ ਦੇ ਸਰਹੱਦੀ ਸਰਕਾਰੀ ਸਕੂਲ ਦਾ ਵੀ ਦੌਰਾ ਕੀਤਾ ਅਤੇ ਕਿਹਾ ਕਿ ਇਸ ਸਕੂਲ ਦੀ ਕਾਇਆ ਕਲਪ ਲਈ ਸਰਕਾਰ ਵੱਲੋਂ 62 ਲੱਖ ਰੁਪਏ ਦਿੱਤੇ ਗਏ ਹਨ ਅਤੇ ਕਰੀਬ ਇੱਕ ਕਰੋੜ ਰੁਪਏ ਹੋਰ ਦਿੱਤੇ ਜਾਣਗੇ। ਇਸੇ ਤਰ੍ਹਾਂ ਨੀਮ ਪਹਾੜੀ ਖੇਤਰ ਧਾਰਕਲਾਂ ਬਲਾਕ ਦੇ ਸਰਕਾਰੀ ਹਾਈ ਸਕੂਲ ਸਾਰਟੀ ਵਿੱਚ ਮੈਗਾ ਪੀਟੀਐਮ ਸਮਾਗਮ ਸਰਕਾਰੀ ਹਾਈ ਸਕੂਲ ਦੀ ਹੈਡ ਮਿਸਟਰੈਸ ਦੀਪਿਕਾ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿੱਚ ਸਮੂਹ ਐਸਐਮਸੀ (ਸਕੂਲ ਮੈਨੇਜਮੈਂਟ ਕਮੇਟੀ) ਮੈਂਬਰ ਹਾਜ਼ਰ ਹੋਏ। ਨਵਾਂਸ਼ਹਿਰ (ਸੁਰਜੀਤ ਮਜਾਰੀ): ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜਾਡਲਾ ਵਿੱਚ ਮੈਗਾ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਰਕਾਰ ਵੱਲੋਂ ਅੱਜ ਤੀਜੀ ਮਾਪੇ-ਅਧਿਆਪਕ ਮਿਲਣੀ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਅਤੇ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਅੱਜ ਪੰਜਾਬ ਦੇ 20 ਹਜ਼ਾਰ ਸਰਕਾਰੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਹੈ, ਜਿਸ ਵਿਚ 20 ਲੱਖ ਤੋਂ ਵੱਧ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ।
ਜਲੰਧਰ(ਹਤਿੰਦਰ ਮਹਿਤਾ): ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਜ਼ਿਲ੍ਹੇ ਭਰ ਦੇ ਸਾਰੇ 1389 ਸਕੂਲਾਂ ਵਿੱਚ ਮੈਗਾ ਮਾਪੇ-ਅਧਿਆਪਕ ਮਿਲਣੀਆਂ ਕਰਵਾਈਆਂ ਗਈਆਂ, ਜਿਨ੍ਹਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਵਿਖੇ ਮਾਪੇ-ਅਧਿਆਪਕ ਮਿਲਣੀ ਦਾ ਜਾਇਜ਼ਾ ਲੈਂਦਿਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।
ਹਰਭਜਨ ਸਿੰਘ ਈਟੀਓ ਵੱਲੋਂ ਅੰਮ੍ਰਿਤਸਰ 4 ਸਕੂਲਾਂ ਦਾ ਦੌਰਾ
ਅੰਮ੍ਰਿਤਸਰ(ਮਨਮੋਹਨ ਸਿੰਘ ਢਿੱਲੋਂ): ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਵਿੱਚ ਸਕੂਲ ਆਫ ਐਮੀਨੈਂਸ (ਲੜਕੀਆਂ), ਲੜਕਿਆਂ ਲਈ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਵਿੱਚ ਸਕੂਲ ਆਫ਼ ਐਮੀਨੈਂਸ, ਅਤੇ ਮਾਲ ਰੋਡ ਅੰਮ੍ਰਿਤਸਰ ਵਿੱਚ ਸਕੂਲ ਆਫ਼ ਐਮੀਨੈਂਸ, ਵਿੱਚ ਅੱਜ ਤੀਜੀ ਮੈਗਾ ਮਾਪੇ-ਅਧਿਆਪਕ ਮੀਟਿੰਗ ਵਿੱਚ ਸ਼ਿਰਕਤੀ ਕੀਤੀ। ਉਨ੍ਹਾਂ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੈਗਾ ਮਾਪੇ-ਅਧਿਆਪਕ ਮੀਟਿੰਗਾਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ, 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਦੇ ਨਾਲ-ਨਾਲ 100 ਫੀਸਦੀ ਨਤੀਜੇ ਪ੍ਰਾਪਤ ਕਰਨ ਸਮੇਤ ਵੱਖ-ਵੱਖ ਮੁੱਖ ਉਦੇਸ਼ਾਂ ’ਤੇ ਕੇਂਦਰਿਤ ਹਨ। ਸਕੂਲ ਆਫ਼ ਐਮੀਨੈਂਸ, ਮਾਲ ਰੋਡ ਦਾ ਦੌਰਾ ਕਰਨ ਮੌਕੇ ਕੈਬਨਿਟ ਮੰਤਰੀ ਨੇ ਸਕੂਲੀ ਬੱਚਿਆਂ ਵਲੋਂ ਲਾਏ ਗਏ ਸਟਾਲਾਂ ਦਾ ਨਿਰੀਖਣ ਵੀ ਕੀਤਾ।