ਮੀਤ ਹੇਅਰ ਦੀ ਜਿੱਤ ’ਤੇ ਮੰਤਰੀਆਂ ਨੇ ਪਾਏ ਭੰਗੜੇ
ਗੁਰਦੀਪ ਸਿੰਘ ਲਾਲੀ/ ਬੀਰਬਲ ਰਿਸ਼ੀ
ਸੰਗਰੂਰ/ ਧੂਰੀ, 4 ਜੂਨ
ਲੋਕ ਸਭਾ ਹਲਕਾ ਸੰਗਰੂਰ ਸ਼ਾਨਾਮੱਤੀ ਜਿੱਤ ਪ੍ਰਾਪਤ ਕਰਨ ਵਾਲੇ ਆਪ ਆਗੂ ਗੁਰਮੀਤ ਸਿੰਘ ਮੀਤ ਹੇਅਰ ਦੀ ਜਿੱਤ ਜਸ਼ਨਾਂ ਦੌਰਾਨ ਜਿੱਥੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਇਲਾਵਾ ਪਾਰਟੀ ਦੇ ਵੱਡੀ ਗਿਣਤੀ ਆਗੂ ਵਰਕਰਾਂ ਨੇ ਖੁਸ਼ੀਆਂ ਮਨਾਉਂਦਿਆਂ ਭੰਗੜੇ ਪਾਏ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਦੀ ਟੀਮ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਮੁੱਖ ਮੰਤਰੀ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਨੇ ਕਿਹਾ ਕਿ ਸੰਗਰੂਰ ਤੋਂ ਐੱਮਪੀ ਚੁਣੇ ਗਏ ਮੀਤ ਹੇਅਰ ਦੀ ਵੱਡੀ ਲੀਡ ਨਾਲ ਹੋਈ ਸ਼ਾਨਾਮੱਤੀ ਜਿੱਤ ਦਾ ਸਿਹਰਾ ਪਾਰਟੀ ਦੇ ਆਗੂ ਵਰਕਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਅੱਤ ਦੀ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਸਖ਼ਤ ਮਿਹਨਤ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਹਿਤੈਸ਼ੀ ਕੰਮਾਂ ’ਤੇ ਮੋਹਰ ਲਗਾਈ। ਇਸ ਮੌਕੇ ਵੇਅਰਹਾਊਸ ਦੇ ਚੇਅਰਮੈਨ ਸਤਿੰਦਰ ਚੱਠਾ, ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਸਮੇਤ ਵੱਡੀ ਗਿਣਤੀ ਪਾਰਟੀ ਦੇ ਮੋਹਰੀ ਆਗੂ ਵਰਕਰ ਹਾਜ਼ਰ ਸਨ।
‘ਆਪ’ ਆਗੂ ਮੀਤ ਹੇਅਰ ਦੀ ਜਿੱਤ ਦੇ ਜਸ਼ਨਾ ਦੌਰਾਨ ਪਾਰਟੀ ਦੇ ਕਈ ਆਗੂ ਵਰਕਰ ਖਹਿਰਾ ਦੇ ਵਿਅੰਗਮਈ ਕਟਾਕਸ਼ ਕਰਦੀਆਂ ਤਖਤੀਆਂ ਲੈ ਕੇ ਪੁੱਜੇ ,ਜਿਨ੍ਹਾਂ ’ਤੇ ‘ਸੰਗਰੂਰ ਵਾਲੇ ਕੰਨਾਂ ਨੂੰ ਲਵਾਉਂਦੇ ਹੱਥ ਨੇ, ਰੀਜ਼ ਨਾਲ ਮੋੜਦੇ ਭੁਲੱਥ ਨੇ’, ‘ਪਾਣੀ ਫੜਾਈ, ਸੀਟ ਤਾਂ ਗਈ’, ‘ਮੈਨੂੰ ਤਾਂ ਬੱਸ ਐਨੀਆਂ ਕੁ ਵੋਟਾਂ ਪਈਆਂ’, ‘ ਮੈਂ ਹਾਨੀਕਾਰਕ ਤੇਰੀ ਸਿਹਤ ਲਈ’ ਆਦਿ ਚਰਚਾ ਦਾ ਵਿਸ਼ਾ ਬਣੀਆਂ। ਜਿੱਤ ਦੀ ਖੁਸ਼ੀ ’ਚ ਪਾਰਟੀ ਵਰਕਰਾਂ ਵਲੋਂ ਢੋਲ ਦੇ ਡੱਗੇ ’ਤੇ ਖੂਬ ਭੰਗੜੇ ਪਾਏ ਅਤੇ ਖੁਸ਼ੀਆਂ ਮਨਾਈਆਂ। ਬਰੜਵਾਲ ਕਾਲਜ ਦੇ ਬਾਹਰ ਮੁੱਖ ਸੜਕ ’ਤੇ ਪਾਰਟੀ ਵਰਕਰਾਂ ਦਾ ਤਾਂਤਾ ਲੱਗਿਆ ਹੋਇਆ ਸੀ, ਜਿਨ੍ਹਾਂ ਦੇ ਹੱਥਾਂ ਵਿਚ ਵਿਰੋਧੀਆਂ ਨੂੰ ਖਟਾਸ ਕਰਦੇ ਨਾਅਰਿਆਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਸੰਗਰੂਰ ਹਲਕੇ ਦੇ ਲੋਕਾਂ ਨੇ ਸਰਕਾਰ ਦੀ ਸਵਾ ਦੋ ਸਾਲ ਦੀ ਕਾਰਗੁਜ਼ਾਰੀ ਦੇ ਹੱਕ ਵਿਚ ਫਤਵਾ ਦਿੱਤਾ ਹੈ। ਖੇਤੀ ਸੈਕਟਰ ਲਈ ਮਿਲ ਰਹੀ ਬੇਹਤਰ ਬਿਜਲੀ ਸਪਲਾਈ ਤੋਂ ਕਿਸਾਨ ਸੰਤੁਸ਼ਟ ਹਨ ਅਤੇ ਘਰੇਲੂ ਬਿਜਲੀ ਸਪਲਾਈ ਦੇ ਜ਼ੀਰੋ ਬਿਲ ਨੇ ਵੀ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਪੁਲੀਸ ਵੱਲੋਂ ਪੱਤਰਕਾਰਾਂ ਨਾਲ ਦੁਰਵਿਹਾਰ
ਪੁਲੀਸ ਦੇ ਇੱਕ ਨਛੱਤਰ ਸਿੰਘ ਨਾਮ ਦੇ ਹੌਲਦਾਰ ਨੇ ਦੁਰਵਿਹਾਰ ਕੀਤਾ ਪਰ ਪੱਤਰਕਾਰਾਂ ਵੱਲੋਂ ਰੋਸ ਦਾ ਪ੍ਰਗਟਾਵਾ ਕਰਦਿਆਂ ਉੱਚ ਅਧਿਕਾਰੀਆਂ ਤੋਂ ਉਸ ਵਿਰੁੱਧ ਵਿਭਾਗੀ ਕਾਰਵਾਈ ਦੀ ਮੰਗ ਕੀਤੀ।