ਮਨਿਸਟਰੀਅਲ ਕਾਮਿਆਂ ਨੇ ਦਸਵੇਂ ਦਿਨ ਵੀ ਕੰਮ ਠੱਪ ਰੱਖਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 17 ਨਵੰਬਰ
ਪੀ.ਐਸ.ਐਮ.ਐਸ.ਯੂ. ਦੇ ਸੱਦੇ ’ਤੇ ਜ਼ਿਲ੍ਹਾ ਪਟਿਆਲਾ ਦੇ ਸਮੂਹ ਵਿਭਾਗਾਂ ਦੇ ਕਲੈਰੀਕਲ ਸਾਥੀਆਂ ਨੇ ਮੁਕੰਮਲ ਕੰਮ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ। ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਬਾਹਰ ਇਕੱਤਰ ਹੋਣ ਉਪਰੰਤ ਡੀ.ਸੀ. ਦਫਤਰ ਦੇ ਅੱਗੇ ਸਮੂਹ ਵਿਭਾਗਾਂ ਦੇ ਸਾਥੀਆਂ ਨੇ ਸਰਕਾਰ ਦੇ ਝੂਠੇ ਵਾਅਦਿਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਵਿਰਕ ਨੇ ਦੱਸਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਮੌਜੂਦਾ ਸਰਕਾਰ ਨੇ ਬਹੁਤ ਸਾਰੇ ਵਾਅਦੇ ਮੁਲਾਜ਼ਮਾਂ ਨਾਲ ਕੀਤੇ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਜੀ.ਪੀ.ਫੰਡ ਖਾਤੇ ਖੋਲ੍ਹਣ, ਕੇਂਦਰ ਦੇ ਪੈਟਰਨ ’ਤੇ ਨਵੇਂ ਭਰਤੀ ਮੁਲਾਜ਼ਮਾਂ ’ਤੇ ਥੋਪਿਆ ਗਿਆ ਸੱਤਵਾਂ ਪੇ ਕਮਿਸ਼ਨ ਰੱਦ ਕਰਕੇ ਪੰਜਾਬ ਦਾ ਪੇ-ਕਮਿਸ਼ਨ ਲਾਗੂ ਕਰਨ, ਬੰਦ ਕੀਤੀ ਗਈ ਏ.ਸੀ.ਪੀ. ਸਕੀਮ ਲਾਗੂ ਕਰਨ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਆਦਿ ਮੰਗਾਂ ਦੀ ਪੂਰਤੀ ਲਈ ਸਮੁੱਚਾ ਮਨਿਸਟੀਰੀਅਲ ਕਾਡਰ ਕਲਮ ਛੋੜ ਹੜਤਾਲ ’ਤੇ ਹੈ।