ਮੰਤਰੀ ਬੈਂਸ ਵੱਲੋਂ ਅਧਿਆਪਕਾਂ ਨਾਲ ਸੰਵਾਦ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 25 ਨਵੰਬਰ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਿਕ ਸਿੱਖਿਆ ਦੇਣਾ ਯਕੀਨੀ ਬਣਾਉਣ ਲਈ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ਼ਾਮ ਮੁਹਾਲੀ ਤੋਂ ‘ਅਧਿਆਪਕਾਂ ਨਾਲ ਸੰਵਾਦ’ ਪ੍ਰੋਗਰਾਮ ਸ਼ੁਰੂ ਕੀਤਾ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕਰੀਬ ਦੋ ਘੰਟੇ ਅਧਿਆਪਕਾਂ ਨੂੰ ਸੁਣਿਆ। ਇਸ ਪਹਿਲਕਦਮੀ ਦਾ ਉਦੇਸ਼ ਸਕੂਲ ਮੁਖੀਆਂ, ਵੱਖ-ਵੱਖ ਪ੍ਰੋਗਰਾਮਾਂ ਦੇ ਨੋਡਲ ਅਫ਼ਸਰਾਂ ਅਤੇ ਸਕੂਲ ਕੈਂਪਸ ਪ੍ਰਬੰਧਕਾਂ ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਸੁਧਾਰ ਜਾਂ ਬਦਲਾਅ ਲਈ ਚੱਲ ਰਹੇ ਸੁਧਾਰਾਂ ਅਤੇ ਪ੍ਰੋਗਰਾਮਾਂ ਬਾਰੇ ਫੀਡਬੈਕ ਲੈਣਾ ਹੈ।
ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਨੁਸਾਰ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਅਤੇ ਮਜ਼ਬੂਤ ਬਣਾਉਣ ਅਤੇ ਪ੍ਰਬੰਧਕੀ ਹੁਨਰਾਂ ਨਾਲ ਲੈਸ ਕਰਨ ਲਈ ਸਿੰਘਾਪੁਰ, ਆਈਆਈਐਮ ਅਹਿਮਦਾਬਾਦ ਅਤੇ ਹੁਣ ਫਿਨਲੈਂਡ ਤੋਂ ਸਿਖਲਾਈ ਲੈਣ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਬਣਾਉਣ ਅਤੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਅਤੇ ਮਾਣ ਦੀ ਭਾਵਨਾ ਪੈਦਾ ਕਰਨ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਹਜ਼ਾਰ ਤੋਂ ਵੱਧ ਸਕੂਲਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਜ਼ਿਆਦਾਤਰ ਅਧਿਆਪਕ ਆਪਣੇ ਕੰਮ ਨੂੰ ਸਮਰਪਿਤ ਪਾਏ ਗਏ ਹਨ।
ਸਿਖਲਾਈ ਲਈ ਫਿਨਲੈਂਡ ਗਏ ਅਧਿਆਪਕਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ। ਸੋਹਾਣਾ ਸਕੂਲ ਤੋਂ ਅਦਿੱਤੀ ਅਤੇ ਮਾਜਰੀ ਬਲਾਕ ਤੋਂ ਸਤਨਾਮ ਸਿੰਘ ਨੇ ਕਿਹਾ ਕਿ ਫਿਨਲੈਂਡ ਸਰਕਾਰ ਪ੍ਰਾਇਮਰੀ ਸਿੱਖਿਆ ਦੌਰਾਨ ਬੱਚਿਆਂ ਦੀ ਖ਼ੁਸ਼ੀ ’ਤੇ ਧਿਆਨ ਦਿੰਦੀ ਹੈ।