ਹਰਿਆਣਾ ਵਿੱਚ ਸੈਟੇਲਾਈਟ ਇਮੇਜਰੀ ਰਾਹੀਂ ਕੀਤੀ ਜਾਵੇਗੀ ਖਣਨ ਦੀ ਨਿਗਰਾਨੀ
ਪੱਤਰ ਪ੍ਰੇਰਕ
ਪੰਚਕੂਲਾ, 2 ਜੁਲਾਈ
ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਰਾਜ ਵਿੱਚ ਖਣਨ ਦੀ ਨਿਯਮਤ ਤੌਰ ’ਤੇ ਨਿਗਰਾਨੀ ਲਈ ਸੈਟੇਲਾਈਟ ਇਮੇਜਰੀ ਦੀ ਵਰਤੋਂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਭਵਿੱਖ ਵਿੱਚ ਕਿਸੇ ਵੀ ਖਣਨ ਠੇਕਾ ਖੇਤਰ ਵਿੱਚੋਂ ਖਣਨ ਸਮੱਗਰੀ ਲੈ ਕੇ ਜਾਣ ਵਾਲੇ ਸਾਰੇ ਵਾਹਨਾਂ ਨੁੰ ਜੀਪੀਐੱਸ ਨਾਲ ਲੈਸ ਕੀਤਾ ਜਾਵੇਗਾ।
ਮੁੱਖ ਸਕੱਤਰ ਇੱਥੇ ਭੂ ਅਤੇ ਖਣਨ ਵਿਭਾਗ ਦੀ ਸੂਬਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸ੍ਰੀ ਕੌਸ਼ਲ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਨਾਜਾਇਜ਼ ਮਾਈਨਿੰਗ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ ਉਨ੍ਹਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਚੈੱਕ ਪੋਸਟਾਂ ਵਧਾਈਆਂ ਜਾਣ ਅਤੇ ਸੀਸੀਟੀਵੀ ਕੈਮਰੇ ਲਗਾਉਣ ਬਾਰੇ ਵੀ ਵਿਚਾਰ ਕੀਤਾ ਜਾਵੇ। ਫੜੇ ਗਏ ਨਾਜਾਇਜ਼ ਵਾਹਨਾਂ ਨੂੰ ਖੜ੍ਹਾ ਕਰਨ ਲਈ ਨਿਰਧਾਰਤ ਥਾਵਾਂ ’ਤੇ ਵੀ ਸੀਸੀਟੀਵੀ ਕੈਮਰੇ ਲਗਾਏ ਜਾਣ। ਮੁੱਖ ਸਕੱਤਰ ਨੇ ਕਿਹਾ ਕਿ ਅਧਿਕਾਰੀ ਜ਼ਿਲ੍ਹਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਸਖਤ ਮੌਨੀਟਰਿੰਗ ਤੇ ਨਿਗਰਾਨੀ ਕਰਨ ਅਤੇ ਨਾਜਾਇਜ਼ ਵਾਹਨ ਫੜਦੇ ਸਮੇਂ ਉਸ ਵਿੱਚ ਲੋਡ ਖਣਨ ਸਮੱਗਰੀ ਨੂੰ ਮੌਕੇ ’ਤੇ ਲਾਹੁਣਾ ਯਕੀਨੀ ਬਣਾਇਆ ਜਾਵੇ।
ਮੁੱਖ ਸਕੱਤਰ ਨੇ ਕਿਹਾ ਕਿ ਨਿਯਮਤ ਤੌਰ ’ਤੇ ਹਰ ਮਹੀਨੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀਆਂ ਮੀਟਿੰਗਾਂ ਕੀਤੀਆਂ ਜਾਣ ਅਤੇ ਉਨ੍ਹਾਂ ਦੇ ਮਿਨਟਸ ਪੋਰਟਲ ’ਤੇ ਅਪਲੋਡ ਕੀਤੇ ਜਾਣ।