ਖਣਨ ਮਾਫੀਆ ਨੇ ਪਿੰਡ ਭੋਲ ਤੇ ਪਲਾਹੜ ਦੀ ਸ਼ਾਮਲਾਤ ਜ਼ਮੀਨ ਪੁੱਟੀ
ਦੀਪਕ ਠਾਕੁਰ
ਤਲਵਾੜਾ, 27 ਮਾਰਚ
ਇੱਥੋਂ ਨੇੜਲੇ ਪਿੰਡ ਪਲਾਹੜ ਦੀ ਸਵਾਂ ਦਰਿਆ ਵਿੱਚ ਪੈਂਦੀ ਪੰਚਾਇਤੀ ਜ਼ਮੀਨ ਖਣਨ ਮਾਫੀਆ ਨੇ ਪੁੱਟ ਲਈ ਹੈ। ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਚਾਇਤੀ ਜ਼ਮੀਨ ’ਚ ਕੀਤੀ ਕਥਿਤ ਖੁਦਾਈ ਦੀ ਜਾਣਕਾਰੀ ਲੰਘੀ 21 ਤਾਰੀਕ ਨੂੰ ਮਿਲੀ ਸੀ। ਉਨ੍ਹਾਂ ਇਸ ਦੀ ਲਿਖਤੀ ਸ਼ਿਕਾਇਤ ਬੀਡੀਪੀਓ ਤਲਵਾੜਾ, ਐੱਸਡੀਐੱਮ ਮੁਕੇਰੀਆਂ ਅਤੇ ਖਣਨ ਵਿਭਾਗ ਨੂੰ ਦਿੱਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪਿੰਡ ਦੇ ਅਗਾਂਹਵਧੂ ਨੌਜਵਾਨ ਮਨੋਜ ਪਲਾਹੜ ਨੇ ਖਣਨ ਮਾਫੀਆ ’ਤੇ ਰਾਤ ਦੇ ਹਨੇਰੇ ’ਚ ਜ਼ਮੀਨ ਪੁਟਾਈ ਦੇ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਸਵਾਂ ਦਰਿਆ ’ਚ ਅੱਧੀ ਦਰਜਨ ਦੇ ਕਰੀਬ ਚੱਲਦੇ ਕਰੱਸ਼ਰਾਂ ਨੇ ਖ਼ੇਤਰ ਵਿੱਚ ਤਬਾਹੀ ਮਚਾਈ ਹੋਈ ਹੈ ਤੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਪ੍ਰਸ਼ਾਸਨ ਅਤੇ ਸਰਕਾਰ ਦੇ ਨੱਕ ਹੇਠਾਂ ਇਲਾਕੇ ’ਚ ਅੰਨ੍ਹੇਵਾਹ ਖਣਨ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਖ਼ੇਤਰ ’ਚ ਖੋਲ੍ਹੇ ਸਟੋਨ ਕਰੱਸ਼ਰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਅਤੇ ਖਣਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਖਣਨ ਵਿਭਾਗ ਦੇ ਰਿਕਾਰਡ ਮੁਤਾਬਕ ਤਲਵਾੜਾ ਖ਼ੇਤਰ ’ਚ ਕੋਈ ਵੀ ਖੱਡ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਨਹੀਂ ਹੈ ਜਦਕਿ ਇਲਾਕੇ ’ਚ ਅੱਧੀ ਦਰਜਨ ਤੋਂ ਵਧ ਸਟੋਨ ਕਰੱਸ਼ਰ ਸਥਿਤ ਹਨ।
ਹੈਰਾਨੀ ਦੀ ਗੱਲ ਹੈ ਕਿ ਤਲਵਾੜਾ ਖ਼ੇਤਰ ’ਚ ਕੋਈ ਖੱਡ ਮਨਜ਼ੂਰ ਨਹੀਂ ਹੈ, ਪਰ ਸੱਤ ਕਰੱਸ਼ਰ ਚੱਲ ਰਹੇ ਹਨ। ਰੋਜ਼ਾਨਾ ਸੈਂਕੜੇ ਗੱਡੀਆਂ ਖਣਨ ਸਮੱਗਰੀ ਲਿਜਾ ਰਹੀਆਂ ਹਨ, ਪਰ ਇਹ ਕਰੱਸ਼ਰ ਕੱਚਾ ਮਾਲ ਕਿੱਥੋਂ ਲਿਆ ਰਹੇ ਹਨ, ਇਸ ਦੀ ਕਿਸੇ ਨੂੰ ਵੀ ਜਾਣਕਾਰੀ ਨਹੀਂ।
ਦਸ ਕਿੱਲੇ ਜ਼ਮੀਨ ’ਤੇ 25 ਤੋਂ 30 ਫੁੱਟ ਤੱਕ ਖੁਦਾਈ ਹੋਈ: ਐੱਸਡੀਓ
ਖਣਨ ਵਿਭਾਗ ਦੇ ਐਸਡੀਓ ਸੰਦੀਪ ਨੇ ਦੱਸਿਆ ਕਿ ਪਿੰਡ ਭੋਲ ਅਤੇ ਪਲਾਹੜ ’ਚ 10 ਕਿੱਲੇ ਦੇ ਕਰੀਬ ਪੰਚਾਇਤੀ ਜ਼ਮੀਨ ’ਤੇ 25 ਤੋਂ 30 ਫੁੱਟ ਤੱਕ ਖੁਦਾਈ ਕੀਤੀ ਗਈ। ਇਸ ਸਬੰਧੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਐੱਸਡੀਓ ਸੰਦੀਪ ਨੇ ਦੱਸਿਆ ਕਿ ਤਲਵਾੜਾ ਵਿੱਚ ਕੋਈ ਵੀ ਖੱਡ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੱਸ਼ਰਾਂ ਨੂੰ ਪ੍ਰਵਾਨਗੀ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਿੰਦਾ ਹੈ, ਖਣਨ ਵਿਭਾਗ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਦਾ ਕੰਮ ਤਾਂ ਨਾਜਾਇਜ਼ ਖਣਨ ਦੀ ਜਾਂਚ ਕਰਨਾ ਅਤੇ ਰਿਪੋਰਟ ਬਣਾਉਣਾ ਹੈ।