For the best experience, open
https://m.punjabitribuneonline.com
on your mobile browser.
Advertisement

ਖਣਨ ਵਿਭਾਗ ਨੇ ਧਰਮਕੋਟ ਨੇੜੇ ਸਤਲੁਜ ਵਿੱਚ ਰੇਤ ਦੀ ਨਾਜਾਇਜ਼ ਖੱਡ ਫੜੀ

07:26 AM Jun 13, 2024 IST
ਖਣਨ ਵਿਭਾਗ ਨੇ ਧਰਮਕੋਟ ਨੇੜੇ ਸਤਲੁਜ ਵਿੱਚ ਰੇਤ ਦੀ ਨਾਜਾਇਜ਼ ਖੱਡ ਫੜੀ
ਪਿੰਡ ਬਹੋਨਾ ਵਿੱਚ ਸੜਕਾਂ ਤੇ ਸੀਵਰੇਜ ਦੀਆਂ ਪਾਈਪਾਂ ਟੁੱਟਣ ਖ਼ਿਲਾਫ਼ ਸਾਬਕਾ ਸਰਪੰਚ ਹਰਭਜਨ ਸਿੰਘ ਦੀ ਅਗਵਾਈ ਹੇਠ ਧਰਨਾ ਦਿੰਦੇ ਹੋਏ ਲੋਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਜੂਨ
ਪੰਜਾਬ ਸਰਕਾਰ ਦੀ ਸਖ਼ਤੀ ਬਾਵਜੂਦ ਸੂਬੇ ਵਿੱਚ ਨਾਜਾਇਜ਼ ਖਣਨ ਜਾਰੀ ਹੈ। ਖਣਨ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਧਰਮਕੋਟ ਵਿੱਚ ਸਤਲੁਜ ਦਰਿਆ ਵਿਚੋਂ ਰੇਤ ਮਾਫ਼ੀਆ ਦੀ ਗੈਰਕਾਨੂੰਨੀ ਖੱਡ ਦਾ ਖੁਲਾਸਾ ਕੀਤਾ ਹੈ। ਖਣਨ ਵਿਭਾਗ ਦੀ ਕਰੀਬ ਮਹੀਨੇ ਅੰਦਰ ਗੈਰ ਕਾਨੂੰਨੀ ਖਣਨ ਖ਼ਿਲਾਫ਼ ਇਹ ਦੂਜੀ ਵੱਡੀ ਕਾਰਵਾਈ ਹੈ। ਇਥੇ ਜ਼ਿਲ੍ਹੇ ਵਿੱਚ ਮਨਜ਼ੂਰ ਸ਼ੁਦਾ ਪੰਜ ਖੱਡਾਂ ਵਿਚੋਂ ਚਾਰ ਖੱਡਾਂ ਬੰਦ ਹਨ ਜਿਸ ਕਾਰਨ ਮਾਫ਼ੀਆ ਦਾ ਬੋਲਬਾਲਾ ਹੈ। ਖਣਨ ਵਿਭਾਗ ਦੇ ਅਧਿਕਾਰੀ ਰਾਹੁਲ ਕੁਮਾਰ ਨੇ ਜ਼ਿਲ੍ਹੇ ਦੀਆਂ ਪੰਜ ਖੱਡਾਂ ਵਿਚੋਂ ਚਾਰ ਬੰਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਤਲੁਜ ਵਿਚ ਪਿੰਡ ਚੱਕ ਜੀਂਦੜਾ ਵਿਚ ਐਡਵਾਂਸ ਬੰਨ੍ਹ ਕੋਲ ਕੁਝ ਲੋਕਾਂ ਵੱਲੋਂ ਗੈਰਕਾਨੂੰਨੀ ਖੱਡ ਚਲਾ ਕੇ ਰੇਤ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਬਾਬਤ ਧਰਮਕੋਟ ਪੁਲੀਸ ਨੂੰ ਲਿਖਤੀ ਰਿਪੋਰਟ ਦਿੱਤੀ ਗਈ ਹੈ। ਡੀਐੱਸਪੀ ਧਰਮਕੋਟ ਅਮਰਜੀਤ ਸਿੰਘ ਨੇ ਕਿਹਾ ਕਿ ਖਣਨ ਵਿਭਾਗ ਦੀ ਰਿਪੋਰਟ ਉੱਤੇ ਗੁਰਮੀਤ ਸਿੰਘ ਪਿੰਡ ਜੀਂਦੜਾ ਅਤੇ ਹਰਪ੍ਰੀਤ ਸਿੰਘ ਉਰਫ਼ ਲੱਡੂ ਪਿੰਡ ਚੱਕ ਭੌਰੇ ਖ਼ਿਲਾਫ਼ ਚੋਰੀ ਅਤੇ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮਨਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਕਰੀਬ ਮਹੀਨਾ ਪਹਿਲਾਂ ਖਣਨ ਵਿਭਾਗ ਦੇ ਜੂਨੀਅਰ ਇੰਜਨੀਅਰ ਕਮ ਮਾਈਨਿੰਗ ਅਫ਼ਸਰ ਅਭਿਨਵ ਸਿਸੋਦੀਆ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਚੋਰੀ ਦੀ ਧਰਾਵਾਂ ਅਤੇ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਖਣਨ ਵਿਭਾਗ ਨੇ ਤਿੰਨ ਪੋਕਲੇਨ ਮਸ਼ੀਨਾਂ, ਦੋ ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਸਨ। ਇਹ ਗੈਰ ਕਾਨੂੰਨੀ ਖਣਨ ਧਰਮਕੋਟ ਸਬ ਡਿਵੀਜ਼ਨ ਅਧੀਨ ਲੰਘਦੇ ਸਤਲੁਜ ਦਰਿਆ ਨੇੜਲੇ ਪਿੰਡ ਮੰਝਲੀ ਵਿੱਚ ਹੋ ਰਹੀ ਸੀ। ਪਿੰਡਾਂ ਦੇ ਲੋਕ ਨਾਜਾਇਜ਼ ਮਾਈਨਿੰਗ ਤੋਂ ਇਸ ਕਦਰ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰਨੀ ਪਈ ਹੈ। ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਏ ਹਨ ਉਨ੍ਹਾਂ ਦੇ ਪਿੰਡਾਂ ਦੇ ਘੇਰੇ ਅੰਦਰ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।

Advertisement

ਟਿੱਪਰਾਂ ਨਾਲ ਸੜਕਾਂ ਤੇ ਸੀਵਰੇਜ ਦੀਆਂ ਪਾਈਪਾਂ ਟੁੱਟਣ ’ਤੇ ਧਰਨਾ

ਮੋਗਾ (ਨਿੱਜੀ ਪੱਤਰ ਪ੍ਰੇਰਕ): ਪਿੰਡ ਬਹੋਨਾ ਵਿੱਚ ਮਿੱਟੀ ਨਾਲ ਭਰੇ ਟਿੱਪਰਾਂ ਨਾਲ ਪਿੰਡ ਦੀਆਂ ਸੜਕਾਂ ਤੇ ਸੀਵਰੇਜ ਦੀਆਂ ਪਾਈਪਾਂ ਟੁੱਟਣ ਤੋਂ ਰੋਹ ’ਚ ਆਏ ਲੋਕਾਂ ਨੇ ਟਿੱਪਰ ਘੇਰ ਕੇ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਰੀਬ ਇੱਕ ਮਹੀਨੇ ਤੋਂ ਟਿੱਪਰਾਂ ਰਾਹੀਂ ਮਿੱਟੀ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ ਤੇ ਇਹ ਓਵਰਲੋਡ ਟਿੱਪਰ ਸਾਰਾ ਦਿਨ ਪਿੰਡ ਦੀ ਫਿਰਨੀ ਅਤੇ ਲਿੰਕ ਰੋਡ ਦੀ ਵਰਤੋਂ ਕਰ ਰਹੇ ਹਨ ਜਿਸ ਕਾਰਨ ਪਿੰਡ ਵਾਸੀ ਡਾਢੇ ਪ੍ਰੇਸ਼ਾਨ ਹਨ। ਪਿੰਡ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਇਥੇ ਜੰਮੂ ਕਟੜਾ ਹਾਈਵੇ ਪ੍ਰਾਜੈਕਟ ਤਹਿਤ ਉਸਾਰੀ ਦੌਰਾਨ ਸੜਕ ਲਈ ਮਿੱਟੀ ਪਾਉਣ ਲਈ ਪਿੰਡ ਬਹੋਨਾ ਦੀ ਜ਼ਮੀਨ ਵਿੱਚੋਂ ਪਿਛਲੇ ਇੱਕ ਮਹੀਨੇ ਤੋਂ ਟਿੱਪਰਾਂ ਰਾਹੀਂ ਮਿੱਟੀ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਿੱਟੀ ਆਦਿ ਨਾਲ ਭਾਰੀ ਵਾਹਨਾਂ ਨਾਲ ਲਿੰਕ ਸੜਕਾਂ ਰਾਹੀਂ ਢੋਆ ਢੁਆਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਸੜਕ ਠੇਕੇਦਾਰ ਕੋਲ ਸਰਕਾਰ ਤੇ ਪ੍ਰਸ਼ਾਸਨ ਤੋਂ ਲਿੰਕ ਸੜਕ ਰਾਹੀਂ ਢੋਆ ਢੁਆਈ ਜਾਂ ਖਣਨ ਦੀ ਕੋਈ ਮਨਜ਼ੂਰੀ ਨਹੀਂ ਹੈ। ਇਨ੍ਹਾਂ ਮਿੱਟੀ ਨਾਲ ਭਰੇ ਟਿੱਪਰਾਂ ਕਾਰਨ ਨਵੀਂ ਬਣੀ ਸੜਕ ਵੀ ਟੁੱਟ ਗਈ ਹੈ ਅਤੇ ਪਿੰਡ ਦੇ ਸੀਵਰੇਜ ਦੇ ਇੱਕ ਹਿੱਸੇ ਨੂੰ ਤੋੜ ਦਿੱਤਾ, ਜਿਸ ਕਾਰਨ ਅੱਧੇ ਪਿੰਡ ਦੇ ਪਾਣੀ ਦੀ ਨਿਕਾਸੀ ਰੁਕ ਗਈ। ਪਿਛਲੇ ਕੁਝ ਦਿਨਾਂ ਤੋਂ ਪਿੰਡ ਵਾਸੀਆਂ ’ਚ ਰੋਸ ਸੀ ਜੋ ਸੀਵਰੇਜ ਟੁੱਟਣ ਨਾਲ ਹੋਰ ਵਧ ਗਿਆ। ਪਿੰਡ ਵਾਸੀਆਂ ਨੇ ਅੱਜ ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ ਦੀ ਅਗਵਾਈ ਵਿੱਚ ਪਿੰਡ ਦੀ ਫਿਰਨੀ ਤੇ ਧਰਨਾ ਲਗਾ ਦਿੱਤਾ ਤੇ ਟਿੱਪਰਾਂ ਦਾ ਚੱਕਾ ਜਾਮ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਕੋਈ ਵੀ ਜ਼ਿੰਮੇਵਾਰ ਸਰਕਾਰੀ ਜਾਂ ਗੈਰ ਸਰਕਾਰੀ ਅਧਿਕਾਰੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ ਸੀ। ਪਿੰਡ ਵਾਸੀ ਮੰਗ ਕਰ ਰਹੇ ਹਨ ਕਿ ਠੇਕੇਦਾਰ ਸੀਵਰੇਜ ਦੀ ਮੁਰੰਮਤ ਕਰਵਾਏ ਅਤੇ ਮਿੱਟੀ ਚੁੱਕਣ, ਪਿੰਡ ਦੀ ਫਿਰਨੀ ਅਤੇ ਲਿੰਕ ਸੜਕ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿਖਾਵੇ ਨਹੀਂ ਤਾਂ ਟਿੱਪਰਾਂ ਨੂੰ ਚੱਲਣ ਨਹੀਂ ਦੇਣਗੇ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜੇਕਰ ਇਹ ਸਭ ਗੈਰ ਕਾਨੂੰਨੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤਾਂ ਜ਼ਿੰਮੇਵਾਰ ਠੇਕੇਦਾਰ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇ।

Advertisement
Author Image

joginder kumar

View all posts

Advertisement
Advertisement
×